ਪਰਗਟ ਸਿੰਘ, ਪਟਿਆਲਾ: ਈਟੀਟੀ ਕੈਡਰ ਦੀ 5994 ਭਰਤੀ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰਨ ’ਤੇ ਲੱਗੀ ਰੋਕ ਹਾਈ ਕੋਰਟ ਨੇ ਖ਼ਤਮ ਕਰ ਦਿੱਤੀ ਹੈ। ਜਿਸ ਕਾਰਨ ਹੁਣ ਇਸ 5994 ਪ੍ਰੀਖਿਆ ਦਾ ਨਤੀਜਾ ਸਕੂਲੀ ਸਿੱਖਿਆ ਵਿਭਾਗ ਵੱਲੋਂ ਜਲਦ ਜਾਰੀ ਹੋਣ ਦੀ ਉਮੀਦ ਜਾਗੀ ਹੈ। ਈਟੀਟੀ ਟੈੱਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੀ 11 ਮੈਂਬਰੀ ਸੂਬਾ ਕਮੇਟੀ ਵੱਲੋਂ ਇਸ ਕੋਰਟ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦੇ ਇਹ ਰੋਕ ਖ਼ਤਮ ਹੋ ਸਕੀ ਹੈ। ਯੂਨੀਅਨ ਦੀ 11 ਮੈਂਬਰੀ ਸੂਬਾ ਕਮੇਟੀ ਮੈਂਬਰ ਬਲਿਹਾਰ ਸਿੰਘ ਬੱਲੀ, ਜਸਪ੍ਰੀਤ ਸਿੰਘ ਮਾਨਸਾ, ਅਮਨ ਰਾਣਾ ਤੇ ਬੱਗਾ ਖੁਡਾਲ ਸਮੇਤ ਹੋਰਨਾਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਮੂਹ ਈਟੀਟੀ ਕੈਡਰ ਦੇ ਸਹਿਯੋਗ ਨਾਲ ਕੀਤੇ ਗਏ ਪ੍ਰਾਈਵੇਟ ਐਡਵੋਕੇਟ ਐੱਚਐੱਸ ਸੈਣੀ ਦੀ ਅਗਵਾਈ ਹੇਠ ‘ਸੀਐੱਮ’ (ਸਿਵਲ ਮਿਸਲੇਨੀਅਸ ਐਪਲੀਕੇਸ਼ਨ) ਲਗਾਉਣ ਤੋਂ ਬਾਅਦ ਦੂਜੀ ਸੁਣਵਾਈ ਦੌਰਾਨ ਹੀ ਇਸ ਕੋਰਟ ਕੇਸ ਦਾ ਨਿਪਟਾਰਾ ਹੋ ਚੁੱਕਾ ਹੈ।

ਦੱਸਣਯੋਗ ਹੈ ਕਿ ਈਟੀਟੀ ਕੈਡਰ ਦੀ 5994 ਪ੍ਰੀਖਿਆ ਜੋ 5 ਮਾਰਚ 2023 ਨੂੰ ਲਈ ਗਈ ਸੀ, ਉਸਦਾ ਨਤੀਜਾ ਜਾਰੀ ਕਰਨ ’ਤੇ ਹਾਈ ਕੋਰਟ ਨੇ ਰੋਕ ਲਗਾਈ ਹੋਈ ਹੈ, ਜਿਸ ਦੀ ਤਰੀਕ 16 ਅਗਸਤ 2023 ਤੈਅ ਹੋਈ ਸੀ। ਪਰ ਯੂਨੀਅਨ ਨੇ ਸਮੂਹ ਈਟੀਟੀ ਕੈਡਰ ਪਾਸੋਂ ਫੰਡ ਇਕੱਠਾ ਕਰ ਕੇ ਤਰੀਕ ਜਲਦੀ ਲੈਣ ਲਈ ‘ਸੀਐੱਮ’ ਲਗਾਈ ਸੀ। ਜਿਸ ਦੀ ਤਰੀਕ ਪਹਿਲਾਂ 25 ਮਈ 2023 ਮਿਲੀ, ਜਿਸ ਸਬੰਧੀ ਬਹਿਸ ਉਪਰੰਤ ਹਾਈ ਕੋਰਟ ਨੇ 26 ਮਈ 2023 ਦੀ ਤਰੀਕ ਦਿੱਤੀ। 26 ਮਈ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਯੂਨੀਅਨ ਦਾ ਪੱਖ ਸੁਣਨ ਤੋਂ ਬਾਅਦ ਇਹ ਰੋਕ ਖ਼ਤਮ (ਡਿਸਪੋਜ਼ਡ ਆਫ) ਕਰ ਦਿੱਤੀ ਹੈ।

ਸਿੱਖਿਆ ਮੰਤਰੀ ਦੇ ਓਐੱਸਡੀ ਵੱਲੋਂ ਨਤੀਜਾ ਜਲਦ ਜਾਰੀ ਕਰਨ ਦਾ ਭਰੋਸਾ

ਹਾਈ ਕੋਰਟ ’ਚ ਹੋਈ ਸੁਣਵਾਈ ਤੋਂ ਬਾਅਦ ਯੂਨੀਅਨ ਦੀ 11 ਮੈਂਬਰੀ ਸੂਬਾ ਕਮੇਟੀ ਦੇ ਮੈਂਬਰ ਬਲਿਹਾਰ ਸਿੰਘ ਬੱਲੀ, ਜਸਪ੍ਰੀਤ ਸਿੰਘ ਮਾਨਸਾ ਸਮੇਤ ਹੋਰ ਸਾਥੀ ਸਿੱਖਿਆ ਭਰਤੀ ਬੋਰਡ ਦੇ ਦਫ਼ਤਰ ਪੁੱਜੇ, ਜਿੱਥੇ ਸਹਾਇਕ ਡਾਇਰੈਕਟਰ ਨੂੰ ਮਿਲੇ। ਇਸ ਤੋਂ ਬਾਅਦ ਉਕਤ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਓਐੱਸਡੀ ਗੁਲਸ਼ਨ ਛਾਬੜਾ ਨਾਲ ਮੁਲਾਕਾਤ ਕੀਤੀ। ਓਐੱਸਡੀ ਛਾਬੜਾ ਨੇ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਨਤੀਜੇ ’ਤੇ ਲੱਗੀ ਰੋਕ ਖ਼ਤਮ ਹੋਣ ਸਬੰਧੀ ਹਾਈ ਕੋਰਟ ਵੱਲੋਂ ਆਰਡਰ ਪ੍ਰਾਪਤ ਕਰਨ ਉਪਰੰਤ ਪੈਂਡਿੰਗ ਚੱਲ ਰਿਹਾ ਨਤੀਜਾ ਜਲਦ ਤੋਂ ਜਲਦ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਭਰਤੀ ਪ੍ਰਕਿਰਿਆ ’ਚ ਤੇਜ਼ੀ ਲਿਆਂਦੀ ਜਾਵੇਗੀ।

Posted By: Sandip Kaur