ਭਾਰਤ ਭੂਸ਼ਣ ਗੋਇਲ, ਸਮਾਣਾ : ਸੋਮਵਾਰ ਦੁਪਹਿਰ ਬਾਅਦ ਪਿੰਡ ਬਹਿਰ ਜੱਛ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਸਰਪੰਚ ਦੇ ਪਤੀ ਤੇ ਉਸਦੇ ਸਾਥੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ’ਤੇ ਸਰਪੰਚ ਦੇ ਪਤੀ ਸਮੇਤ ਸੱਤ ਲੋਕਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਇਸ ਕਤਲ ਦੀ ਵਜ੍ਹਾ ਸਰਪੰਚੀ ਚੋਣਾਂ ਸਮੇਂ ਹੋਈ ਰੰਜਿਸ਼ ਹੈ। ਮ੍ਰਿਤਕ ਦੀ ਮਾਂ ਮੁਖਤਿਆਰੀ ਦੇਵੀ ਨੇ ਸੁਮਨ ਲਤਾ ਦੇ ਖ਼ਿਲਾਫ਼ ਚੋਣ ਲੜੀ ਸੀ। ਜਿਸ ਕਾਰਨ ਪਹਿਲਾਂ ਵੀ ਦੋਹਾਂ ਧਿਰਾਂ ਵਿੱਚ ਕਈ ਵਾਰ ਝਗੜਾ ਹੋ ਚੁੱਕਿਆ ਹੈ।

ਮਾਮਲੇ ਦੇ ਜਾਂਚ ਅਧਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਂਝਾ ਰਾਮ (30) ਵਾਸੀ ਪਿੰਡ ਬਹਿਰ ਜੱਛ ਦੇ ਭਰਾ ਜੋਨੀ ਰਾਮ ਵੱਲੋਂ ਬਿਆਨ ਦਰਜ ਕਰਵਾਇਆ ਗਿਆ ਹੈ। ਰਾਂਝਾ ਰਾਮ ਆਪਣੇ ਹੀ ਘਰ ਦੇ ਵਿਹੜੇ 'ਚ ਸੋਮਵਾਰ ਦੁਪਹਿਰ ਬਾਅਦ ਪਾਈਪ ਦੱਬ ਰਿਹਾ ਸੀ। ਜਿਸ ਲਈ ਉਸਨੇ ਸੀਮਿੰਟ, ਬੱਜਰੀ,ਰੇਤਾ ਗਲੀ ਵਿੱਚ ਰੱਖ ਕੇ ਮਸਾਲਾ ਬਣਾਇਆ ਹੋਇਆ ਸੀ। ਮੋਹਨ ਸਿੰਘ ਦਾ ਦੋਸ਼ ਹੈ ਕਿ ਜਦੋਂ ਰਾਂਝਾ ਰਾਮ ਗਲੀ ਵਿੱਚ ਮਸਾਲਾ ਲੈਣ ਆਇਆ ਤਾਂ ਇਸ ਦੌਰਾਨ ਪਿੰਡ ਦੀ ਸਰਪੰਚ ਸੁਮਨ ਲਤਾ ਦੇ ਪਤੀ ਸੰਜੀਵ ਕੁਮਾਰ ਨੇ ਆਪਣੇ ਸਾਥੀਆਂ ਸਣੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੇ ਭਰਾ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਰੌਲਾ ਪਾਉਣ ’ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਦੇ ਬਿਆਨਾਂ ਅਨੁਸਾਰ ਸੰਜੀਵ ਕੁਮਾਰ, ਰਿੰਕੂ ਰਾਮ, ਸੁਰਜੀਤ ਰਾਮ, ਡੋਗਰ ਰਾਮ, ਰਵੀ ਰਾਮ, ਹਰੀਸ਼ ਕੁਮਾਰ, ਤੇ ਰਾਜ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਜਦੋਂ ਕਿ ਫ਼ਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Posted By: Sarabjeet Kaur