ਸਟਾਫ਼ ਰਿਪੋਰਟ, ਪਟਿਆਲਾ : ਪਟਿਆਲਾ ਪੁਲਿਸ ਨੇ ਇਕ 65 ਸਾਲਾਂ ਬਜ਼ੁਰਗ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ 96 ਘੰਟਿਆਂ ਤੋਂ ਵੀ ਘੱਟ ਸਮੇਂ ਚ ਸੁਲਝਾ ਲਈ ਹੈ। ਇਸ ਮਾਮਲੇ 'ਚ ਪੁਲਿਸ ਨੇ ਮ੍ਰਿਤਕਾ ਦੇ ਵਕੀਲ ਪੁੱਤ ਦੇ ਪੁਰਾਣੇ ਮੁਨਸ਼ੀ ਤੇ ਉਸ ਦੇ ਇਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਤੀਸਰੇ ਦੀ ਭਾਲ ਕੀਤੀ ਜਾ ਰਹੀ ਹੈ। ਮਰਹੂਮ ਐਡਵੋਕੇਟ ਨਰਿੰਦਰ ਸਿੰਗਲਾ ਦੀ ਪਤਨੀ ਕਮਲੇਸ਼ ਸਿੰਗਲਾ ਦਾ ਚਾਰ ਦਿਨ ਪਹਿਲਾਂ ਉਸ ਦੇ ਘਰ 'ਚ ਪੈਕਿੰਗ ਟੇਪ ਉਸ ਦੇ ਚਿਹਰੇ ਤੇ ਹੱਥਾਂ ਨਾਲ ਲਪੇਟ ਕੇ ਕਤਲ ਕੀਤਾ ਗਿਆ ਸੀ। ਦੋਸ਼ੀ ਕੀਮਤੀ ਚੀਜ਼ਾਂ, ਗਹਿਣੇ ਤੇ ਨਕਦੀ ਲੈ ਕੇ ਭੱਜ ਗਏ ਸਨ।

ਜਾਂਚ ਦੇ ਵੇਰਵੇ ਦਿੰਦਿਆਂ ਐਸਐਸਪੀ ਵਿਕਰਮ ਜੀਤ ਦੁੱਗਲ ਨੇ ਕਿਹਾ, “ਜਿਸ ਤਰੀਕੇ ਨਾਲ ਜੁਰਮ ਕਰਨ ਦੀ ਯੋਜਨਾ ਬਣਾਈ ਗਈ ਸੀ ਤੇ ਉਸ ਨੂੰ ਅੰਜਾਮ ਦਿੱਤਾ ਗਿਆ ਸੀ, ਉਸ ਤੋਂ ਸੰਕੇਤ ਮਿਲਦਾ ਹੈ ਕਿ ਹਮਲਾਵਰ ਘਰ ਦੇ ਆਲੇ-ਦੁਆਲੇ ਦਾ ਰਾਹ ਜਾਣਦੇ ਸਨ। ਕੇਸ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਦੋਸ਼ੀ, ਵਿਕਰਮ, ਜੋ ਕਿ ਪਠਾਣਾ ਵਾਲਾ ਮੁਹੱਲਾ, ਸਨੌਰ ਦਾ ਵਸਨੀਕ ਹੈ, ਮ੍ਰਿਤਕਾ ਦੇ ਪੁੱਤਰ ਵਕੀਲ ਹੈਰੀ ਸਿੰਗਲਾ ਕੋਲ ਬਤੌਰ ਮੁਨਸ਼ੀ ਕੰਮ ਕਰਦਾ ਸੀ। ਜਿਸ ਨੇ ਆਪਣੇ ਸਾਥੀ, ਅਮਰਿੰਦਰ ਤੇ ਗਗਨਦੀਪ ਜੋ ਕਿ ਪਿੰਡ ਲਾਲੋਛੀ ਤੇ ਸਨੌਰ ਦੇ ਵਸਨੀਕ ਹਨ ਨਾਲ ਮਿਲ ਕੇ ਔਰਤ ਨੂੰ ਖ਼ਤਮ ਕਰਨ ਤੇ 40 ਲੱਖ ਰੁਪਏ ਦੀਆਂ ਕੀਮਤੀ ਚੀਜ਼ਾਂ ਦੀ ਲੁੱਟ ਕਰਨ ਦੀ ਸਾਜਿਸ਼ ਰਚੀ ਸੀ। ਵਿਕਰਮ 5 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪਰਿਵਾਰ ਨਾਲ ਜੁੜਿਆ ਹੋਇਆ ਸੀ। ਮੁਲਜ਼ਮ ਦੇ ਕਬਜ਼ੇ 'ਚੋਂ ਚੋਰੀ ਕੀਤੀਆਂ ਸਾਰੀਆਂ ਕੀਮਤੀ ਚੀਜ਼ਾਂ ਬਰਾਮਦ ਕਰ ਲਈਆਂ ਗਈਆਂ। ਵਾਰਦਾਤ 'ਚ ਵਰਤਿਆ ਵਾਹਨ, ਇਕ ਹੀਰੋ ਸਪਲੈਂਡਰ ਮੋਟਰਸਾਈਕਲ, ਜੋ ਕਿ ਮੁਲਜ਼ਮ ਅਮ੍ਰਿੰਦਰ ਦਾ ਹੈ, ਵੀ ਬਰਾਮਦ ਕੀਤਾ ਗਿਆ ਹੈ।

Posted By: Sarabjeet Kaur