ਹਰਿੰਦਰ ਸ਼ਾਰਦਾ, ਪਟਿਆਲਾ : ਇਥੋਂ ਦੇ ਗੁਰੂ ਨਾਨਕ ਨਗਰ ਵਿਚ ਤੜਕਸਾਰ ਬਜ਼ੁਰਗ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜਗਜੀਤ ਸਿੰਘ (72) ਵਾਸੀ ਗੁਰੂ ਨਾਨਕ ਨਗਰ ਦੇ ਤੌਰ ’ਤੇ ਹੋਈ ਹੈ। ਮੌਕੇ ’ਤੇ ਪੁੱਜੇ ਪਰਿਵਾਰਕ ਮੈਂਬਰਾਂ ਨੇ ਥਾਣਾ ਅਰਬਨ ਅਸਟੇਟ ਪੁਲਿਸ ਨੂੰ ਸੂਚਨਾ ਦਿੱਤੀ। ਇਸ ਮੌਕੇ ਪੁੱਜੀ ਪੁਲਿਸ ਟੀਮ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਰਜਿੰਦਰਾ ਹਸਪਤਾਲ ਮੋਰਚਰੀ ਵਿਚ ਪੋਸਟਮਾਰਟਮ ਲਈ ਰੱਖਵਾ ਕੇ ਕਾਰਵਾਈ ਆਰੰਭ ਦਿੱਤੀ ਹੈ।

ਇਸ ਬਾਰੇ ਮ੍ਰਿਤਕ ਦੇ ਜਵਾਈ ਅਭੈ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਮੋਹਾਲੀ ਰਹਿੰਦਾ ਹੈ। 18 ਮਹੀਨੇ ਪਹਿਲਾ ਉਸ ਦੇ ਸਹੁਰੇ ਨੇ ਮਕਾਨ ਕਿਰਾਏ ’ਤੇ ਦਿੱਤਾ ਸੀ। ਕਿਰਾਏਦਾਰਾਂ ਨੇ ਕਦੇ ਕਿਰਾਇਆ ਨਹੀਂ ਦਿੱਤਾ ਸੀ ਤੇ ਨਾ ਮਕਾਨ ਛੱਡਿਆ ਸੀ। ਉਹ ਮਕਾਨ ਖਾਲੀ ਕਰਾਉਣ ਲਈ ਨਵੰਬਰ ਮਹੀਨੇ ਪਟਿਆਲਾ ਆਏ ਸਨ ਉਸ ਸਮੇਂ ਕਿਰਾਏਦਾਰਾਂ ਨੇ ਵਾਅਦਾ ਕੀਤਾ ਸੀ ਕਿ ਨਵਾਂ ਮਕਾਨ ਮਿਲਣ ’ਤੇ ਉਹ ਜਨਵਰੀ ਮਹੀਨੇ ਤਾਈਂ ਖਾਲੀ ਕਰ ਦੇਣਗੇ। ਜਨਵਰੀ ਵਿਚ ਵੀ ਕਿਰਾਏਦਾਰਾਂ ਨੇ ਮਕਾਨ ਖਾਲੀ ਨਹੀਂ ਕੀਤਾ। ਇਸ ਲਈ ਉਨ੍ਹਾਂ ਦੇ ਬੁਲਾਉਣ ’ਤੇ ਉਹ ਜਨਵਰੀ ਵਿਚ ਇੱਥੇ ਆਏ ਸਨ। ਕਿਰਾਏਦਾਰਾਂ ਨੇ ਕਿਹਾ ਸੀ ਕਿ ਉਹ ਮਕਾਨ ਖਾਲੀ ਕਰ ਦੇਣਗੇ ਤਾਂ ਉਨ੍ਹਾਂ ਨੇ ਮਕਾਨ ਕਿਉਂ ਨਹੀਂ ਛੱਡਿਆ ਹੈ। ਉਨ੍ਹਾਂ ਅਗਲੇ ਹਫ਼ਤੇ ਆਉਣਾ ਸੀ ਪਰ ਹੁਣ ਮੌਤ ਬਾਰੇ ਸੂਚਨਾ ਮਿਲਣ ’ਤੇ ਉਹ ਇੱਥੇ ਆਏ ਹਨ।

ਪੁਲਿਸ ਨੂੰ ਮਿਲਿਆ ਸੁਸਾਈਡ ਨੋਟ

ਪੁਲਿਸ ਟੀਮ ਨੂੰ ਉਥੋਂ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਮ੍ਰਿਤਕ ਜਗਜੀਤ ਸਿੰਘ ਨੇ ਲਿਖਿਆ ਕਿ ਪਤਨੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਉਸ ਦਾ ਕੋਈ ਪੁੱਤਰ ਨਹੀਂ ਹੈ। 18 ਮਹੀਨੇ ਪਹਿਲਾਂ ਉਸ ਨੇ ਮਕਾਨ ਕਿਰਾਏ ’ਤੇ ਦਿੱਤਾ ਸੀ, ਕਿਰਾਏਦਾਰ ਨਾ ਤਾਂ ਕਿਰਾਇਆ ਦੇ ਰਹੇ ਹਨ ਤੇ ਨਾ ਮਕਾਨ ਖਾਲੀ ਕਰ ਰਹੇ ਹਨ। ਜੇ ਉਸ ਨੂੰ ਕੁਝ ਹੁੰਦਾ ਹੈ ਤਾਂ ਕਿਰਾਏਦਾਰ ਜ਼ਿੰਮੇਵਾਰ ਹੋਣਗੇ।

ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ : ਐੱਸਆਈ ਗੁਰਮੀਤ ਸਿੰਘ

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਅਰਬਨ ਅਸਟੇਟ ਦੇ ਐੱਸਆਈ ਗੁਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੋਸਟਮਾਰਟਮ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।