ਸਟਾਫ ਰਿਪੋਰਟਰ, ਪਟਿਆਲਾ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਮੁਕਾਬਲੇ ਕਰਵਾਏ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨੇ ਦੱਸਿਆ ਕਿ ਇਹ ਆਨਲਾਈਨ ਮੁਕਾਬਲੇ 6 ਜੁਲਾਈ ਤੋਂ ਆਰੰਭ ਹੋਣਗੇ ਅਤੇ ਦਸੰਬਰ ਮਹੀਨੇ ਤਕ ਚੱਲਣਗੇ। ਕੋਵਿਡ-19 ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਮੁਕਾਬਲੇ ਆਨਲਾਈਨ ਅਤੇ ਸੋਲੋ ਆਈਟਮਜ਼ ਦੇ ਰੂਪ 'ਚ ਕਰਵਾਏ ਜਾ ਰਹੇ ਹਨ। ਐੱਸਸੀਈਆਰਟੀ ਦੀ ਦੇਖ-ਰੇਖ 'ਚ ਕਰਵਾਏ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਦਾ ਵਿਸ਼ਾ-ਵਸਤੂ ਸ੍ਰੀ ਗੁਰੂੁ ਤੇਗ ਬਹਾਦਰ ਜੀ ਦਾ ਜੀਵਨ, ਬਾਣੀ, ਫਲਸਫ਼ਾ, ਉਪਦੇਸ਼, ਕੁਰਬਾਨੀ ਤੇ ਉਸਤਤ ਹੋਵੇਗਾ। ਗੁਰ ਮਰਿਆਦਾ ਨੂੰ ਧਿਆਨ 'ਚ ਰੱਖ ਕੇ ਕਰਵਾਏ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ 'ਚ ਸ਼ਬਦ ਗਾਇਨ, ਕਵਿਤਾ, ਭਾਸ਼ਨ, ਸੁੰਦਰ ਲਿਖਾਈ, ਗੀਤ, ਸੰਗੀਤਕ ਸਾਜ਼ ਵਜਾਉਣ, ਪੇਂਟਿੰਗ, ਪੋਸਟਰ ਮੇਕਿੰਗ, ਸਲੋਗਨ ਲਿਖਣੇ, ਪੀਪੀਟੀ ਮੇਕਿੰਗ ਤੇ ਦਸਤਾਰਬੰਦੀ ਮੁਕਾਬਲੇ ਸ਼ਾਮਲ ਹਨ। ਇਹ ਮੁਕਾਬਲੇ ਪ੍ਰਰਾਇਮਰੀ, ਮਿਡਲ ਤੇ ਸੈਕੰਡਰੀ ਪੱਧਰ 'ਤੇ ਕਰਵਾਏ ਜਾਣਗੇ ਅਤੇ ਨਾਲ ਹੀ ਇਨ੍ਹਾਂ ਤਿੰਨਾਂ ਵਰਗਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵੱਖਰੇ ਮੁਕਾਬਲੇ ਵੀ ਕਰਵਾਏ ਜਾਣਗੇ। ਇਨ੍ਹਾਂ 11 ਮੁਕਾਬਲਿਆਂ ਲਈ ਵਿਭਾਗ ਨੇ ਮਾਹਿਰਾਂ ਦੀ ਮਦਦ ਨਾਲ ਪੂਰੀ ਰੂਪ-ਰੇਖਾ ਉਲੀਕ ਕੇ, ਰਾਜ ਦੇ ਸਾਰੇ ਸਰਕਾਰੀ ਸਕੂਲਾਂ 'ਚ ਭੇਜ ਦਿੱਤੀ ਹੈ। ਇਹ ਮੁਕਾਬਲੇ ਸਕੂਲ ਪੱਧਰ ਤੋਂ ਸ਼ੁਰੂ ਹੋਣਗੇ ਅਤੇ ਰਾਜ ਪੱਧਰ ਤਕ ਚੱਲਣਗੇ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇਣ ਦੇ ਨਾਲ-ਨਾਲ ਬਿਹਤਰੀਨ ਕਾਰਗੁਜ਼ਾਰੀ ਵਾਲੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਸਕੂਲ ਮੁਖੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਤੇ ਬੱਚਿਆਂ ਨੂੰ ਅਗਵਾਈ ਦੇਣ ਵਾਲੇ ਅਧਿਆਪਕਾਂ ਦਾ ਵਿਭਾਗ ਵੱਲੋਂ ਸਨਮਾਨ ਕੀਤਾ ਜਾਵੇਗਾ। ਵਿਭਾਗ ਵੱਲੋਂ ਇਨ੍ਹਾਂ ਮੁਕਾਬਲਿਆਂ ਸਬੰਧੀ ਵਿਸ਼ੇਸ਼ ਤੌਰ 'ਤੇ ਲੋਗੋ ਵੀ ਤਿਆਰ ਕਰਵਾਇਆ ਗਿਆ ਹੈ। ਇਨ੍ਹਾਂ ਮੁਕਾਬਲਿਆਂ ਦੇ ਸੰਚਾਲਨ ਨਿਰਦੇਸ਼ਕ ਐੱਸਸੀਈਆਰਟੀ ਜਗਤਾਰ ਸਿੰਘ ਕੂਲੜੀਆ ਤੇ ਸਹਾਇਕ ਨਿਰਦੇਸ਼ਕਾ ਸ਼ਿਵਾਨੀ ਸੇਤੀਆ ਕਰਨਗੇ।