ਪੱਤਰ ਪੇ੍ਰਰਕ, ਪਟਿਆਲਾ : ਜ਼ਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਪਟਿਆਲਾ ਇੰਜੀਨੀਅਰ ਅਮਰਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਮਨਵਿੰਦਰ ਕੌਰ ਭੁੱਲਰ ਦੀ ਅਗਵਾਈ 'ਚ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਲਈ 'ਚਿੰਤਾ ਪ੍ਰਬੰਧਨ' ਵਿਸ਼ੇ 'ਤੇ ਆਨਲਾਈਨ (ਜ਼ੂਮ ਐਪ ਰਾਹੀਂ) ਵੈਬੀਨਾਰ ਕਰਵਾਇਆ ਗਿਆ। ਇਸ ਦੌਰਾਨ ਸੀਐੱਮਸੀ ਲੁਧਿਆਣਾ ਦੇ ਸਾਬਕਾ ਪੋ੍ਫੈਸਰ ਅਤੇ ਸਾਬਕਾ ਰਜਿਸਟਰਾਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ, ਡਾ. ਅਰਵਿੰਦ ਸ਼ਰਮਾ (ਨਿਊਰੋ ਸਾਇਕੈਟਰਿਸਟ) ਨੇ ਕੋਵਿਡ-19 ਦੇ ਅਜੋਕੇ ਚਿੰਤਾਜਨਕ ਅਤੇ ਤਣਾਅ ਭਰੇ ਸਮੇਂ ਦੌਰਾਨ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਆਤਮ-ਚਿੰਤਨ, ਆਤਮ-ਵਿਸ਼ਵਾਸ, ਸਾਕਾਰਾਤਮਕ ਸੋਚ, ਸਰੀਰਕ ਕਸਰਤ, ਯੋਗ ਸਾਧਨਾ, ਧਿਆਨ ਅਤੇ ਦੂਜਿਆਂ ਨਾਲ਼ ਸਹਿਚਾਰ ਅਤੇ ਮਿਲਵਰਤਨ ਦੀ ਭਾਵਨਾ ਸਬੰਧੀ ਵਿਸਥਾਰ 'ਚ ਚਾਨਣਾ ਪਾਇਆ।

ਉਨ੍ਹਾਂ ਕਿਹਾ ਕਿ ਦਫ਼ਤਰੀ ਕੰਮਕਾਰ ਦਾ ਬੋਝ ਘਰੇਲੂ ਜ਼ਿੰਦਗੀ 'ਤੇ ਅਤੇ ਘਰੇਲੂ ਜ਼ਿੰਦਗੀ ਦਾ ਅਸਰ ਦਫ਼ਤਰੀ ਜੀਵਨ 'ਤੇ ਨਹੀਂ ਪੈਣਾ ਚਾਹੀਦਾ। ਇਸ ਕਾਰਨ ਵਿਅਕਤੀ ਦਾ ਸਮੁੱਚਾ ਜੀਵਨ ਚਿੰਤਾ ਭਰਪੂਰ ਬਣ ਜਾਂਦਾ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਬਹੁਤ ਸਾਰੀਆਂ ਚਿੰਤਾਵਾਂ ਸਕਾਰਤਮਕ ਵੀ ਹੁੰਦੀਆਂ ਹਨ ਤੇ ਮਨੁੱਖ ਇਨ੍ਹਾਂ ਨੂੰ ਚੁਣੌਤੀ ਵਜੋਂ ਲੈਂਦਾ ਹੈ, ਜਿਸ ਨਾਲ ਨਤੀਜੇ ਬਿਹਤਰ ਆਉਂਦੇ ਹਨ। ਜਿਸ ਤਰ੍ਹਾਂ ਜਿਹੜੇ ਵਿਦਿਆਰਥੀਆਂ ਪ੍ਰਰੀਖਿਆ ਦੀ ਚਿੰਤਾ ਸਿਰਫ਼ ਇਕ ਟੀਚੇ ਵਜੋਂ ਰੱਖ ਕੇ ਕਰਦੇ ਹਨ ਉਹ ਹਮੇਸ਼ਾ ਚੰਗੇ ਅੰਕ ਲੈ ਕੇ ਪਾਸ ਹੁੰਦੇ ਹਨ। ਜੋ ਵਿਦਿਆਰਥੀ ਪ੍ਰਰੀਖਿਆ ਦੀ ਚਿੰਤਾ ਨੂੰ ਨਕਾਰਤਮਕ ਤਰੀਕੇ ਨਾਲ ਲੈਂਦੇ ਹਨ, ਉਹ ਬਹੁਤੇ ਸਫਲ ਨਹੀਂ ਹੁੰਦੇ।

ਡੀਈਓ ਇੰਜੀਨੀਅਰ ਅਮਰਜੀਤ ਸਿੰਘ ਨੇ ਡਾ. ਅਰਵਿੰਦ ਸ਼ਰਮਾ ਦਾ ਸਵਾਗਤ ਕੀਤਾ ਅਤੇ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਨਾਲ ਤੁਆਰਫ਼ ਕਰਵਾਇਆ। ਉਨ੍ਹਾਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਭੱਜ-ਨੱਠ ਵਾਲੀ ਜ਼ਿੰਦਗੀ ਵਿਚ 'ਚਿੰਤਾ ਪ੍ਰਬੰਧਨ' ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਅਧਿਆਪਕਾਂ ਨੂੰ ਤਣਾਅ ਮੁਕਤ ਹੋ ਕੇ ਪੂਰੇ ਜਜ਼ਬੇ ਨਾਲ਼ ਕੰਮ ਕਰਨ ਲਈ ਪੇ੍ਰਿਤ ਕੀਤਾ।

ਇਸ ਦੌਰਾਨ ਮੁੱਖ ਦਫ਼ਤਰ ਮੋਹਾਲੀ ਤੋਂ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜੋ੍ਹ ਪੰਜਾਬ ਪੜ੍ਹਾਓ ਪੰਜਾਬ, ਗੁਰਤੇਜ ਸਿੰਘ ਖੱਟੜਾ, ਹਰਜੀਤ ਕੌਰ, ਗੁਰਿੰਦਰ ਕੌਰ, ਜ਼ਿਲ੍ਹਾ ਪਟਿਆਲਾ ਦੇ ਬਲਾਕ ਪ੍ਰਰਾਇਮਰੀ ਸਿੱਖਿਆ ਅਫ਼ਸਰਾਂ ਸਮੇਤ 120 ਦੇ ਕਰੀਬ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਡਾ. ਦਵਿੰਦਰ ਸਿੰਘ ਬੋਹਾ ਨੇ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ, ਤਨਦੇਹੀ ਨਾਲ਼ ਆਤਮ-ਵਿਸ਼ਵਾਸ ਰੱਖਦੇ ਹੋਏ ਅਤੇ ਚਿੰਤਾ ਮੁਕਤ ਹੋ ਕੇ ਕਰਨ ਲਈ ਪੇ੍ਰਿਤ ਕੀਤਾ ਅਤੇ ਇਸ ਸਕਾਰਾਤਮਕ ਕਦਮ, ਚੰਗੀ ਕੋਸ਼ਿਸ਼ ਲਈ ਇੰਜੀ. ਅਮਰਜੀਤ ਸਿੰਘ ਦੀ ਸ਼ਲਾਘਾ ਕੀਤੀ। ਰਾਜਵੰਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪਟਿਆਲ਼ਾ, ਸਹਾਇਕ ਕੋਆਰਡੀਨੇਟਰ ਤਲਵਿੰਦਰ ਸਿੰਘ ਤੇ ਡਾ. ਨਰਿੰਦਰ ਸਿੰਘ ਨੇ ਪੋ੍ਗਰਾਮ ਦਾ ਸੰਚਾਲਨ ਕੀਤਾ।