ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਪੰਜਾਬ ਸਰਕਾਰ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਤੋਂ ਫ਼ੀਸਾਂ ਵਸੂਲ ਕਰ ਕੇ ਖਾਲੀ ਹੋਇਆ ਖਜਾਨਾ ਭਰਨ 'ਤੇ ਲੱਗੀ ਹੋਈ ਹੈ। ਇਸ ਕਾਰਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨਾਂ ਨੂੰ ਪਹਿਲਾਂ ਤਾਂ ਅਪਲਾਈ ਕਰਨ ਸਮੇਂ ਮੋਟੀਆਂ ਫੀਸਾਂ ਭਰਨੀਆਂ ਪੈਂਦੀਆਂ ਹਨ ਤੇ ਹੁਣ ਪ੍ਰੀਖਿਆਵਾਂ ਪਿੱਛੋਂ ਇਤਰਾਜ਼ ਦੇਣ ਲਈ ਵੀ ਅਲੱਗ ਫੀਸ ਦੀ ਮੰਗ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸਿੱਖਿਆ ਵਿਭਾਗ ਵਲੋਂ ਮਾਸਟਰ ਕਾਡਰ ਦੀਆਂ 3704 ਅਸਾਮੀਆਂ ਲਈ 27 ਦਸੰਬਰ ਤੇ 9, 10 ਜਨਵਰੀ ਨੂੰ ਪ੍ਰੀਖਿਆ ਲਈ ਗਈ ਸੀ। ਇਸ ਪ੍ਰੀਖਿਆ ਦੀ ਆਂਸਰਸ਼ੀਟ ਵਿਭਾਗ ਵੈਬਸਾਈਟ 'ਤੇ ਅਪਲੋਡ ਕਰ ਦਿੱਤੀ ਹੈ ਤੇ ਨਾਲ ਹੀ ਵਿਭਾਗ ਨੇ ਉਮੀਦਵਾਰਾਂ ਤੋਂ ਇਤਰਾਜ਼ ਮੰਗਦੇ ਹੋਏ 50 ਰੁਪਏ ਪ੍ਰਤੀ ਉਮੀਦਵਾਰ ਫੀਸ ਨਿਰਧਾਰਤ ਕਰ ਦਿੱਤੀ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਇਹ ਸਿੱਧੇ ਤੌਰ 'ਤੇ ਬੇਰੁਜ਼ਗਾਰ ਨੌਜਵਾਨਾਂ ਦੀ ਲੁੱਟ ਹੈ। ਉਧਰ, ਦੂਜੇ ਪਾਸੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਬੇਰੁਜ਼ਗਾਰ ਤਾਂ ਪਹਿਲਾਂ ਹੀ ਮਾਪਿਆਂ ਤੋਂ ਪੈਸੇ ਲੈ ਕੇ ਫੀਸਾਂ ਭਰਦੇ ਹਨ। ਉਨ੍ਹਾਂ ਤੋਂ ਦੁਬਾਰਾ ਦੁਬਾਰਾ ਫੀਸਾਂ ਵਸੂਲਣਾ ਗ਼ਲਤ ਹੈ।

ਅਸਾਮੀਆਂ ਕੱਢੀਆਂ ਸਿਰਫ਼ 3704 ਜਦਕਿ ਟੈੱਟ ਪਾਸ ਹਨ 35 ਹਜ਼ਾਰ

ਬੀਐਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਿਢੱਲਵਾਂ ਤੇ ਰਣਦੀਪ ਸੰਗਤਪੁਰਾ ਨੇ ਦੱਸਿਆ ਕਿ ਮੌਜੂਦਾ ਸਮੇਂ ਸੂਬੇ ਅੰਦਰ ਕੁਲ 35 ਹਜ਼ਾਰ ਬੀਐਡ ਟੈੱਟ ਪਾਸ ਬੇਰੁਜਗਾਰ ਅਧਿਆਪਕ ਹਨ ਜਦਕਿ ਵਿਭਾਗ ਵੱਲੋਂ ਸਿਰਫ 3704 ਅਸਾਮੀਆਂ ਕੱਢੀਆਂ ਗਈਆਂ ਹਨ ਜੋ ਬਹੁਤ ਹੀ ਘੱਟ ਹਨ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਅਸਾਮੀਆਂ ਵਿੱਚ ਤੁਰੰਤ ਵਾਧਾ ਕੀਤਾ ਜਾਵੇ।