ਨਵਦੀਪ ਢੀਂਗਰਾ, ਪਟਿਆਲਾ : ਨਸ਼ਾ ਤਸਕਰ ਨੇ 8 ਸਾਲਾਂ 'ਚ ਕਰੋੜਾਂ ਦੀ ਜਾਇਦਾਦ ਬਣਾ ਲਈ ਪਰ ਨਸ਼ਿਆਂ ਨਾਲ ਹੋਰਾਂ ਦੇ ਘਰ ਉਜਾੜ ਕੇ ਆਪਣਾ ਘਰ ਬਣਾਉਣ ਵਾਲੇ ਦੀ ਚਲਾਕੀ ਬਹੁਤੀ ਦੇਰ ਨਾ ਚੱਲ ਸਕੀ। ਪਟਿਆਲਾ ਪੁਲਿਸ ਨੇ ਬੀਤੇ ਦਿਨ ਗਿ੍ਫਤਾਰ ਕੀਤੇ ਨਸ਼ਾ ਤਸਕਰ ਦੇ ਬੈਂਕ ਖਾਤੇ ਸੀਲ ਕਰਨ ਦੇ ਨਾਲ-ਨਾਲ ਕਰੋੜਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਜ਼ਮੀਨ 'ਚ ਦੱਬੇ 15 ਲੱਖ 80 ਹਜ਼ਾਰ ਅਤੇ ਸੋਨਾ-ਚਾਂਦੀ ਬਰਾਮਦ

ਸੀਆਈਏ ਪੁਲਿਸ ਵੱਲੋਂ 16 ਜੁਲਾਈ ਨੂੰ ਹੈਰੋਇਨ ਤੇ ਨਸ਼ੇ ਦੀਆਂ ਗੋਲੀਆਂ ਸਮੇਤ ਗਿ੍ਫਤਾਰ ਕੀਤਾ ਨਵਜੋਤ ਸਿੰਘ ਉਰਫ ਨੰਨੂ ਕਰੋੜਾਂ ਦੀ ਜਾਇਦਾਦ ਦਾ ਮਾਲਕ ਨਿਕਲਿਆ ਹੈ, ਜਿਸ ਕੋਲ ਬੈਂਕ ਖਾਤਿਆਂ 'ਚ ਵੱਡੀ ਰਕਮ ਜਮ੍ਹਾਂ ਹੋਣ ਦੇ ਨਾਲ-ਨਾਲ ਗੱਡੀਆਂ ਵੀ ਹਨ। ਜ਼ਿਕਰਯੋਗ ਹੈ ਕਿ ਨੰਨੂ ਕੋਲ ਨਾ ਤਾਂ ਕੋਈ ਆਮਦਨ ਦਾ ਸਾਧਨ ਸੀ ਤੇ ਨਾ ਹੀ ਕੋਈ ਪੈਨ ਕਾਰਡ। ਪੁਲਿਸ ਨੇ ਉਸ ਦੇ ਨਾਲ-ਨਾਲ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਵੀ ਬੈਂਕ ਖਾਤੇ ਸੀਲ ਕਰ ਦਿੱਤੇ ਹਨ।

13 ਬੈਂਕ ਖਾਤੇ ਕੀਤੇ ਸੀਲ

ਸੀਆਈਏ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਧੂਰੀ ਵਾਸੀ ਨਵਜੋਤ ਸਿੰਘ ਉਰਫ ਨੰਨੂ ਦੇ ਧੂਰੀ, ਨਾਭਾ, ਪਟਿਆਲਾ, ਪਿੰਡ ਕਲਿਆਣ ਅਤੇ ਚੰਡੀਗੜ੍ਹ ਵਿਖੇ ਵੱਖ-ਵੱਖ ਬੈਂਕਾਂ 'ਚ 13 ਖਾਤੇ ਸਨ, ਜਿਨ੍ਹਾਂ 'ਚੋਂ ਲੱਖਾਂ ਦੀ ਨਕਦੀ ਜਮ੍ਹਾ ਹੈ। ਪੁਲਿਸ ਵੱਲੋਂ ਇਨ੍ਹਾਂ ਖਾਤਿਆਂ ਨੂੰ ਸੀਲ ਕਰਵਾ ਦਿੱਤਾ ਗਿਆ ਹੈ। ਜਦੋਂਕਿ ਮੁਲਜ਼ਮ ਕੋਲੋਂ 30 ਲੱਖ ਰੁਪਏ ਦੀ ਕੀਮਤ ਵਾਲੇ 1 ਪਲਾਟ ਦੇ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਕਰੋੜ ਤੋਂ ਵੱਧ ਚੱਲ ਤੇ ਅਚੱਲ ਜਾਇਦਾਦ ਨੂੰ ਜ਼ਬਤ ਕਰ ਕੇ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਵਾਇਆ ਜਾਵੇਗਾ।

ਪਤਨੀ ਖ਼ਿਲਾਫ਼ ਵੀ ਮਾਮਲਾ ਹੋਵੇਗਾ ਦਰਜ

ਨਵਜੋਤ ਦੀ ਪਤਨੀ ਸੀਮਾ ਪਤੀ ਨੰਨੂ ਦੇ ਗਿ੍ਫ਼ਤਾਰ ਹੋਣ ਤੋਂ ਬਾਅਦ ਖਾਤੇ 'ਚ ਪਏ 60.75 ਲੱਖ ਰੁਪਏ ਤੇ ਐੱਫਡੀਜ਼ ਤੁੜਵਾ ਕੇ ਕਢਵਾਉਣ ਦੀ ਤਾਕ 'ਚ ਸੀ ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਦੇ ਬੈਂਕ ਖਾਤੇ ਸੀਲ ਕਰਵਾ ਦਿੱਤੇ। ਉਸ ਦੇ ਨਾਂ 'ਤੇ ਇਕ ਬੈਂਕ ਲਾਕਰ ਵੀ ਮਿਲਿਆ ਹੈ, ਜਿਸ ਨੂੰ ਅਦਾਲਤੀ ਮਨਜ਼ੂਰੀ ਤੋਂ ਬਾਅਦ ਖੁਲ੍ਹਵਾਇਆ ਜਾਵੇਗਾ ਅਤੇ ਕੇਸ ਵਿਚ ਸੀਮਾ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ।

8 ਸਾਲ ਤੋਂ ਕਰ ਰਿਹਾ ਸੀ ਨਸ਼ਾ ਤਸਕਰੀ ਦਾ ਧੰਦਾ

9ਵੀਂ ਪਾਸ 29 ਸਾਲਾ ਨਵਜੋਤ ਸਿੰਘ ਉਰਫ ਨੰਨੂ 8 ਸਾਲ ਤੋਂ ਨਸ਼ਾ ਤਸਕਰੀ ਦੇ ਧੰਦੇ 'ਚ ਲੱਗਾ ਸੀ, ਜਿਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਪੰਜ ਮਾਮਲੇ ਵੀ ਦਰਜ ਹਨ। 2011 ਤੋਂ ਇਸ ਧੰਦੇ 'ਚ ਲੱਗਾ ਨੰਨੂ ਧੂਰੀ ਥਾਣੇ 'ਚ ਦਰਜ ਐਕਸਾਈਜ਼ ਦੇ ਮਾਮਲੇ 'ਚ ਭਗੌੜਾ ਸੀ, ਜਦੋਂਕਿ ਇਸੇ ਥਾਣੇ 'ਚ ਦਰਜ ਐੱਨਡੀਪੀਐੱਸ ਦੇ ਮਾਮਲੇ 'ਚ ਜੇਲ੍ਹ ਵੀ ਗਿਆ ਸੀ। ਜੇਲ੍ਹ 'ਚੋਂ 2018 'ਚ ਨੰਨੂ ਛੁੱਟੀ 'ਤੇ ਗਿਆ ਸੀ ਪਰ ਵਾਪਸ ਨਹੀਂ ਮੁੜਿਆ, ਜਦੋਂਕਿ ਧੂਰੀ ਵਿਖੇ ਹੀ ਦਰਜ ਇਕ ਹੋਰ ਨਸ਼ਾ ਤਸਕਰੀ ਦੇ ਮਾਮਲੇ 'ਚ ਲੋੜੀਂਦਾ ਹੈ।