ਅਸ਼ਵਿੰਦਰ ਸਿੰਘ, ਬਨੂੜ

ਨੀਲਮ ਹਸਪਤਾਲ ਵਿਚ ਭਰਤੀ ਪਿੰਡ ਸਾਮਦੂ ਦੀ 50 ਸਾਲਾ ਕੋਰੋਨਾ ਪੀੜਤ ਮਹਿਲਾ ਦੀ ਮੌਤ ਹੋ ਜਾਣ ਤੋਂ ਬਾਅਦ ਪੀੜਤ ਪਰਿਵਾਰ ਨੇ ਹਸਪਤਾਲ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਪੀੜਤ ਪਰਿਵਾਰ ਵੱਲੋਂ ਇਨਸਾਫ ਨਾ ਮਿਲਦਾ ਵੇਖ ਵੱਡੀ ਗਿਣਤੀ ਵਿਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਪੀੜਤ ਪਰਿਵਾਰ ਦਾ ਕਹਿਣਾ ਸੀ ਕਿ ਉਨਾਂ ਦੇ ਮਰੀਜ਼ ਦੀ ਮੌਤ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਨਾਲ ਹੋਈ ਹੈ।

ਪੀੜਤ ਹਰਜਿੰਦਰ ਕੌਰ ਅਤੇ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਨੇ ਆਪਣੀ ਮਾਤਾ ਗੁਰਮੀਤ ਕੌਰ ਨੂੰ 18 ਅਕਤੂਬਰ ਨੂੰ ਮਾਮੂਲੀ ਬੁਖਾਰ ਹੋਣ ਤੋਂ ਬਾਅਦ ਨੀਲਮ ਹਸਪਤਾਲ ਵਿਖੇ ਭਰਤੀ ਕਰਵਾਇਆ ਸੀ। ਜਿਸ ਤੋਂ ਬਾਅਦ ਡਾਕਟਰਾਂ ਨੇ ਉਨਾਂ ਨੂੰ ਕੋਵਿਡ 19 ਦੀ ਸ਼ਿਕਾਇਤ ਦੱਸਣ ਤੋਂ ਬਾਅਦ ਉਨਾਂ ਦੇ ਸੈਪਲ ਲੈ ਕੇ ਰਿਪੋਰਟ ਆਉਣ ਤੱਕ ਇੰਤਜਾਰ ਕਰਨ ਲਈ ਕਿਹਾ। ਰਿਪੋਰਟ ਆਉਣ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਨਾਂ ਦਾ ਕੋਵਿਡ ਪਾਜ਼ੇਟਿਵ ਆਇਆ ਹੈ ਤੇ ਉਨਾਂ ਨੂੰ ਅਗਲੇ 14 ਦਿਨਾਂ ਤੱਕ ਹਸਪਤਾਲ ਵਿਚ ਹੀ ਰੱਖਣਾ ਪਵੇਗਾ। ਉਨਾਂ ਕਿਹਾ ਕਿ ਹਸਪਤਾਲ ਡਾਕਟਰ ਰੋਜ਼ਾਨਾ ਪਰਿਵਾਰਕ ਮੈਂਬਰਾਂ ਨਾਲ ਮਾਤਾ ਦੀ ਵੀਡਿਓ ਕਾਲ ਕਰਵਾਉਂਦੇ ਰਹੇ। ਉਨਾਂ ਕਿਹਾ ਕਿ 28 ਅਕਤੂਬਰ ਦਿਨ ਬੁੱਧਵਾਰ ਸਵੇਰੇ ਉਨਾਂ ਰੋਜ਼ਾਨਾ ਦੀ ਤਰਾਂ ਮਾਤਾ ਨੂੰ ਫੋਨ ਕੀਤਾ ਤਾਂ ਡਾਕਟਰਾਂ ਨੇ ਕੋਈ ਬਹਾਨਾ ਬਣਾ ਕੇ ਉਨਾਂ ਨਾਲ ਗੱਲ ਨਹੀ ਕਰਵਾਈ। ਇਸ ਤੋਂ ਕੁਝ ਸਮੇਂ ਬਾਅਦ ਉਨਾਂ ਮੁੜ ਹਸਪਤਾਲ ਫੋਨ ਕੀਤਾ ਤਾਂ ਡਾਕਟਰਾਂ ਫਿਰ ਟਾਲ ਮਟੋਲ ਕਰ ਦਿੱਤੀ। ਉਨਾਂ ਕਿਹਾ ਕਿ ਸਾਂਮ ਨੂੰ ਹਸਪਤਾਲ ਪ੍ਰਬੰਧਕਾਂ ਨੇ ਉਨਾਂ ਨੂੰ ਫੋਨ ਕੀਤਾ ਕਿ ਉਨਾਂ ਦੀ ਮਾਤਾ ਬਿਲਕੁਲ ਠੀਕ ਹੈ ਤੇ ਉਹ ਉਸ ਨੂੰ ਲਿਜਾ ਸਕਦੇ ਹਨ। ਉਨਾਂ ਕਿਹਾ ਕਿ ਜਦੋਂ ਉਨਾਂ ਦੀ ਭਾਬੀ ਤੇ ਫੁੱਫੜ ਹਸਪਤਾਲ ਵਿਚ ਆਏ ਤਾਂ ਉਨਾਂ ਵੇਖਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਉਨਾਂ ਦੀ ਮਾਤਾ ਨੂੰ ਬਾਹਰ ਕੱਢ ਕੇ ਸਟਰੇਚਰ ਉੱਤੇ ਪਾਇਆ ਹੋਇਆ ਸੀ। ਰਾਤੀ 7 ਵਜੇ ਦੇ ਕਰੀਬ ਉਹ ਆਪਣੇ ਮਰੀਜ਼ ਨੂੰ ਰਾਜਪੁਰਾ ਤੋਂ ਮਗਵਾਈ ਐਬੂਲੈਂਸ ਰਾਹੀਂ ਇੱਕ ਨਿੱਜੀ ਹਸਪਤਾਲ ਵਿਚ ਲੈ ਗਏ ਜਿਥੇ ਜਾਂਦੇ ਹੀ ਡਾਕਟਰ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਉਹ ਆਪਣੇ ਮਰੀਜ਼ ਨੂੰ ਮੁੜ ਨੀਲਮ ਹਸਪਤਾਲ ਲੈ ਆਏ ਤਾਂ ਉਨਾਂ ਨੂੰ ਗੇਟ ਅੰਦਰ ਦਾਖਲ ਨਹੀ ਹੋਣ ਦਿੱਤਾ। ਜਿਸ ਤੋਂ ਬਾਅਦ ਰੋਸ਼ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਅੱਜ ਸਵੇਰੇ ਹਸਪਤਾਲ ਬਾਹਰ ਪ੍ਰਬੰਧਕਾਂ ਵਿਰੁੱਧ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਲਾ ਦਿੱਤਾ। ਪੀੜਤਾਂ ਨੂੰ ਇਨਸਾਫ ਨਾ ਮਿਲਦਾ ਵੇਖ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਸਪਤਾਲ ਬਾਹਰ ਇਕੱਠੇ ਹੋ ਗਏ ਤੇ ਉਨਾਂ ਨੇ 11 ਵਜੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਜਾਮ ਦਾ ਪਤਾ ਲਗਦੇ ਹੀ ਥਾਣਾ ਮੁੱਖੀ ਸੁਭਾਸ਼ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ। ਇਸ ਦੋਰਾਨ ਡਿਊਟੀ ਮੈਜੀਸਟ੍ਰੇਟ ਰਾਜਪੁਰਾ ਰਜ਼ੇਸ ਕੁਮਾਰ ਮਹਿਰਾ ਵੀ ਮੌਕੇ ਤੇ ਪੁੱਜ ਗਏ। ਉਨਾਂ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਸੁਣੀ ਅਤੇ ਉਨਾਂ ਨੂੰ ਇਨਸਾਫ ਦਵਾਉਣ ਦਾ ਭਰੋਸਾ ਦੇ ਕੇ ਸੜਕ ਤੋਂ ਧਰਨਾ ਖਤਮ ਕਰਨ ਲਈ ਕਿਹਾ ਪਰ ਧਰਨਾਕਾਰੀ ਜਦੋਂ ਤੱਕ ਇਨਸਾਫ ਨਹੀ ਮਿਲਦਾ ਉਦੋਂ ਤੱਕ ਧਰਨੇ ਤੇ ਬੈਠਣ ਲਈ ਬੇਜਿਦ ਸਨ। ਇਸ ਤੋਂ ਬਾਅਦ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਇੰਚਾਰਜ ਭਾਈ ਬਲਜਿੰਦਰ ਸਿੰਘ ਪਰਵਾਨਾ ਵੀ ਪੁੱਜੇ। ਹਸਪਤਾਲ ਪ੍ਰਸ਼ਾਸਨ ਅਤੇ ਪੀੜਤ ਪਰਿਵਾਰ ਦੋਰਾਨ ਸਮਝੋਤੇ ਤੋਂ ਬਾਅਦ 1 ਵਜੇ ਦੇ ਕਰੀਬ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ। ਥਾਣਾ ਮੁੱਖੀ ਸੁਭਾਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਅਤੇ ਪੀੜਤ ਪਰਿਵਾਰ ਵਿਚਕਾਰ ਜੋ ਮਤਭੇਦ ਹੋਏ ਸਨ ਉਨਾਂ ਨੂੰ ਬੈਠ ਕੇ ਸੁਲਝਾ ਲਿਆ ਗਿਆ ਹੈ। ਮੌਕੇ ਤੇ ਮੌਜੂਦ ਇੱਕ ਮਰੀਜ਼ ਦੇ ਪਿਤਾ ਸਿਕੰਦਰ ਸਿੰਘ ਨੇ ਵੀ ਹਸਪਤਾਲ ਦੇ ਪ੍ਰਬੰਧਾ ਸਬੰਧੀ ਕਈ ਤਰਾਂ ਦੇ ਸਵਾਲ ਚੁੱਕੇ।

-----

ਕੀ ਕਹਿਣਾ ਹੈ ਹਸਪਤਾਲ ਦੇ ਜੀਐੱਮ ਦਾ

ਇਸ ਮਾਮਲੇ ਸਬੰਧੀ ਹਸਪਤਾਲ ਦੇ ਜੀਐਮ ਸੰਦੀਪ ਬਾਟ ਨੇ ਕਿਹਾ ਕਿ ਮਰੀਜ਼ ਦੀ ਹਾਲਤ ਪਹਿਲੇ ਦਿਨ ਤੋਂ ਹੀ ਗੰਭੀਰ ਬਣੀ ਹੋਈ ਸੀ ਜਿਸ ਸਬੰਧੀ ਸਮੇਂ ਸਮੇਂ ਤੇ ਪਰਿਵਾਰ ਨੂੰ ਦੱਸਿਆ ਜਾਂਦਾ ਰਿਹਾ। ਉਨਾਂ ਕਿਹਾ ਕਿ ਪਰਿਵਾਰ ਦੇ ਕਹਿਣ ਅਨੁਸਾਰ ਹੀ ਕੱਲ ਮਰੀਜ਼ ਨੂੰ ਡਿਸਚਾਰਜ ਕੀਤਾ ਗਿਆ ਸੀ। ਉਨਾਂ ਕਿਹਾ ਕਿ ਅੱਜ ਉਨਾਂ ਵਿਚਾਲੇ ਜੋ ਮਤਭੇਦ ਹੋਏ ਸਨ ਉਨਾਂ ਨੂੰ ਸੁਲਝਾ ਲਿਆ ਗਿਆ ਹੈ।