ਨਵਦੀਪ ਢੀਂਗਰਾ, ਪਟਿਆਲਾ : ਕੇਂਦਰੀ ਜੇਲ੍ਹ ਵਿਚ 26 ਤੇ 27 ਅਪ੍ਰੈਲ ਦੀ ਰਾਤ ਫਰਾਰ ਹੋਣ ਵਾਲੇ ਕੈਦੀਆਂ ਨੇ ਰਾਤ 12 ਵਜੇ ਤੱਕ ਬੈਰਕ ਵਿਚ ਪਾੜ ਪਾ ਲਿਆ ਸੀ। ਇਸ ਤੋਂ ਬਾਅਦ ਕਰੀਬ ਡੇਢ ਘੰਟੇ ਤੱਕ ਇਹ ਕੈਦੀ ਜੇਲ੍ਹ ਦੇ ਅੰਦਰਲੇ ਹਿੱਸਿਆਂ ਵਿਚ ਹੀ ਜੇਲ੍ਹ ਸਟਾਫ ਤੋਂ ਲੁਕਦੇ ਰਹੇ ਤੇ ਜੇਲ੍ਹ ਦੀ ਬਾਹਰੀ ਕੰਧ ਟੱਪ ਗਏ।

ਇਹ ਖੁਲਾਸਾ ਜਾਂਚ ਦੌਰਾਨ ਹੋਇਆ ਹੈ ਤੇ ਇਸ ਦੌਰਾਨ ਬੈਰਕ ਦੇ ਬਾਹਰ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਦੀ ਅਣਗਿਹਲੀ ਵੀ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਜੇਲ੍ਹ ਦੇ ਸਟਾਫ ਮੈਂਬਰ ਤੋਂ ਵੀ ਡੀਆਈਜੀ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜੇਲ੍ਹ ਅੰਦਰ ਲੱਗੇ ਕੈਮਰੇ ਤੋਂ ਪਤਾ ਲੱਗਿਆ ਹੈ ਕਿ ਕੈਦੀ ਰਾਤ ਕਰੀਬ ਸਾਢੇ 11 ਵਜੇ ਬੈਰਕ ਤੋਂ ਬਾਹਰ ਨਿਕਲੇ ਸਨ।

ਇਸ ਤੋਂ ਬਾਅਦ ਇਨ੍ਹਾਂ ਕੈਦੀਆਂ ਨੂੰ ਜੇਲ੍ਹ ਟੱਪਣ ਲਈ ਕਰੀਬ ਡੇਢ ਘੰਟੇ ਦਾ ਸਮਾਂ ਲੱਗਿਆ ਹੈ। ਜਾਂਚ ਦਾ ਵਿਸ਼ਾ ਇਹ ਵੀ ਹੈ ਕਿ ਬੰਦੀ ਤੋਂ ਲੈ ਕੇ ਰਾਤ 12 ਵਜੇ ਤੱਕ ਡਿਊਟੀ ਦੇਣ ਵਾਲੇ ਤੇ 12 ਵਜੇ ਤੋਂ ਸਵੇਰੇ 6 ਵਜੇ ਤੱਕ ਡਿਊਟੀ 'ਤੇ ਰਹੇ ਸੁਰੱਖਿਆ ਮੁਲਾਜ਼ਮਾਂ ਨੂੰ ਇਸ ਬਾਰੇ ਪਤਾ ਸੀ ਤਾਂ ਇਸ ਬਾਰੇ ਸਮੇਂ 'ਤੇ ਸੂਚਨਾ ਨਹੀਂ ਦਿੱਤੀ ਗਈ।

ਜੇਕਰ ਬੈਰਕ ਅੱਗੇ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਵੱਲੋਂ ਸਮੇਂ ਸਹੀ ਨਿਗਰਾਨੀ ਕਰਨ ਦੇ ਨਾਲ ਸਮੇਂ ਸਿਰ ਸੂਚਨਾ ਦਿੱਤੀ ਜਾਂਦੀ ਤਾਂ ਕੈਦੀਆਂ ਨੂੰ ਜੇਲ੍ਹ ਦੇ ਅੰਦਰ ਹੀ ਕਾਬੂ ਕੀਤਾ ਜਾ ਸਕਦਾ ਸੀ।ਫਿਲਹਾਲ ਜਾਂਚ ਟੀਮ ਵੱਲੋਂ ਇਨ੍ਹਾਂ ਮੁਲਾਜ਼ਮਾਂ ਤੋਂ ਹੀ ਸਖਤੀ ਨਾਲ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੇ ਦਿਨਾਂ ਵਿਚ ਗਾਜ਼ ਇਨ੍ਹਾਂ 'ਤੇ ਹੀ ਡਿੱਗਣੀ ਤੈਅ ਹੈ। ਦੂਸਰੇ ਪਾਸੇ ਫਰਾਰ ਹੋਏ ਕੈਦੀ 6ਵੇਂ ਦਿਨ ਵੀ ਪੁਲਿਸ ਦੀ ਗਿ੍ਫਤ ਤੋਂ ਬਾਹਰ ਹਨ।

ਉਧਰ ਐਤਵਾਰ ਨੂੰ ਜੇਲ੍ਹ ਅੰਦਰ ਚਲਾਈ ਤਲਾਸ਼ੀ ਮੁਹਿੰਮ ਦੌਰਾਨ 4 ਮੋਬਾਈਲ, 12 ਗ੍ਰਾਮ ਨਸ਼ੀਲਾ ਪਾਊਡਰ, 38 ਨਸ਼ੇ ਦੀਆਂ ਗੋਲੀਆ ਤੇ 5 ਗ੍ਰਾਮ ਅਫੀਮ ਬਰਾਮਦ ਹੋਈ ਹੈ। ਇਸ ਸਬੰਧੀ ਮਾਮਲੇ ਦਰਜ ਕੀਤੇ ਗਏ ਹਨ।

ਡੀਆਈਜੀ ਪੱਧਰ 'ਤੇ ਕੀਤੀ ਜਾ ਰਹੀ ਮਾਮਲੇ ਦੀ ਜਾਂਚ

ਕੇਂਦਰੀ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਕਿਹਾ ਕਿ ਡੀਆਈਜੀ ਪੱਧਰ 'ਤੇ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਾਜਮਾਂ ਦੀ ਅਣਗਿਹਲੀ ਸਾਹਮਣੇ ਆਉਣ ਸਬੰਧੀ ਉਨਾ ਕਿਹਾ ਕਿ ਜਿਸਦੀ ਵੀ ਅਣਗਿਹਲੀ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਹੋਣਾ ਵੀ ਲਾਜਮੀ ਹੈ।