ਸਟਾਫ ਰਿਪੋਰਟਰ, ਪਟਿਆਲਾ : ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ (ਯੂਕੇ) ਨੇ ਕੋਰੋਨਾ ਮਹਾਮਾਰੀ ਖ਼ਿਲਾਫ਼ ਚੱਲ ਰਹੀ ਜੰਗ ਦੌਰਾਨ ਮੂਹਰਲੀ ਕਤਾਰ ਦੇ ਯੋਧੇ ਵਜੋਂ ਪੂਰੀ ਸ਼ਿੱਦਤ ਨਾਲ ਸੇਵਾਵਾਂ ਦੇਣ ਦੇ ਮੱਦੇਨਜ਼ਰ ਡੀਆਈਜੀ ਪਟਿਆਲਾ ਰੇਂਜ ਵਿਕਰਮ ਜੀਤ ਦੁੱਗਲ ਨੂੰ 'ਸਰਟੀਫਿਕੇਟ ਆਫ ਕਮਿਟਮੈਂਟ' ਨਾਲ ਸਨਮਾਨਿਆ। ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ (ਯੂਕੇ) ਦੇ ਉਪ ਪ੍ਰਧਾਨ, ਪੰਜਾਬ ਜਸਵੀਰ ਸਿੰਘ ਸ਼ਿੰਦਾ ਨੇ ਇਹ ਸਰਟੀਫਿਕੇਟ ਵਿਕਰਮ ਜੀਤ ਦੁੱਗਲ ਨੂੰ ਪ੍ਰਦਾਨ ਕੀਤਾ।

ਤੇਲੰਗਾਨਾ ਕੈਡਰ 'ਚ 2007 ਬੈਚ ਦੇ ਆਈਪੀਐੱਸ ਅਧਿਕਾਰੀ ਦੁੱਗਲ ਨੇ ਪੰਜਾਬ 'ਚ ਡੈਪੂਟੇਸ਼ਨ ਤਹਿਤ ਅੰਮਿ੍ਤਸਰ ਦਿਹਾਤੀ ਅਤੇ ਪਟਿਆਲਾ ਦੇ ਐੱਸਐੱਸਪੀ ਵਜੋਂ ਸੇਵਾਂਵਾਂ ਨਿਭਾਈਆਂ ਹਨ। ਉਹ ਇਸ ਮਹਾਮਾਰੀ ਦੌਰਾਨ ਨਾ ਸਿਰਫ ਕਰਫਿਊ ਅਤੇ ਲਾਕਡਾਊਨ ਨੂੰ ਨਿਯਮਤ ਲਾਗੂ ਕਰਵਾਉਣ ਲਈ ਕਾਰਜਸ਼ੀਲ ਰਹੇ ਬਲਕਿ ਉਹ ਆਮ ਲੋਕਾਂ ਨੂੰ ਮਹਾਮਾਰੀ ਤੋਂ ਬਚਣ ਲਈ ਹੇਠਲੇ ਪੱਧਰ ਤਕ ਜਾ ਕੇ ਜਾਗਰੂਕ ਵੀ ਕਰਦੇ ਰਹੇ ਤੇ ਲੋਕਾਂ ਨੂੰ ਗੁਮਰਾਹ ਹੋਣ ਤੋਂ ਬਚਾਉਣ ਲਈ ਅਫ਼ਵਾਹਾਂ ਨੂੰ ਵੀ ਫੈਲਣ ਤੋਂ ਰੋਕਦੇ ਰਹੇ।

ਵਰਲਡ ਬੁੱਕ ਆਫ਼ ਰਿਕਾਰਡਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁੱਗਲ ਕੋਵਿਡ-19 ਮਹਾਮਾਰੀ ਖ਼ਿਲਾਫ਼ ਜਾਗਰੂਕਤਾ ਤੇ ਸੁਰੱਖਿਆ ਪੈਦਾ ਕਰਨ ਲਈ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੇ ਹਨ। ਉਹ ਇਮਾਨਦਾਰੀ ਨਾਲ ਸਮਾਜ ਦੀ ਸੇਵਾ ਪ੍ਰਤੀ ਸਮਰਪਿਤ ਹੁੰਦੇ ਹੋਏ ਵਿਸ਼ਵ ਸਿਹਤ ਸੰਗਠਨ ਵੱਲੋਂ ਦਰਸਾਏ ਅਨੁਸਾਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਯਤਨਸ਼ੀਲ ਹਨ। ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ (ਯੂਕੇ) ਦੇ ਯੂਰਪ ਤੇ ਸਵਿਟਜ਼ਰਲੈਂਡ ਦੇ ਪ੍ਰਧਾਨ ਵਿਲੀ ਜਜ਼ਲਰ ਅਤੇ ਪ੍ਰਰੈਜ਼ੀਡੈਂਟ ਸੰਤੋਸ਼ ਸ਼ੁੱਕਲਾ ਨੇ ਵਿਕਰਮ ਜੀਤ ਦੁੱਗਲ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।