ਭਾਰਤ ਭੂਸ਼ਣ ਗੋਇਲ, ਸਮਾਣਾ

ਸਮਾਣਾ-ਪਾਤੜਾਂ ਸੜਕ 'ਤੇ ਪਿੰਡ ਰੇਤਗੜ੍ਹ ਨੇੜੇ ਐਤਵਾਰ ਦੇਰ ਰਾਤ ਸੜਕ 'ਤੇ ਭਿੜ ਰਹੇ ਦੋ ਅਵਾਰਾ ਪਸ਼ੂਆਂ ਨਾਲ ਮੋਟਰਸਾਈਕਲ ਟਕਰਾਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਹੈ।

ਸਿਵਲ ਹਸਪਤਾਲ ਵਿਚ ਮਿ੍ਤਕ ਹਰਪਾਲ ਸਿੰਘ (30) ਪੁੱਤਰ ਬਲਦੇਵ ਸਿੰਘ ਵਾਸੀ ਦਿੜ੍ਹਬਾ ਦੀ ਦੇਹ ਦਾ ਪੋਸਟਮਾਰਟਮ ਕਰਵਾਉਣ ਪੁੱਜੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਦੋ ਸਾਲਾ ਤੋਂ ਪਾਤੜਾਂ ਸਥਿਤ ਆਪਣੇ ਸਹੁਰਿਆਂ ਕੋਲ ਰਹਿਣ ਵਾਲਾ ਹਰਪਾਲ ਸਿੰਘ 7 ਮਹੀਨੇ ਸਮਾਣਾ ਸਥਿਤ ਸ਼ਰਾਬ ਦੇ ਠੇਕੇਦਾਰਾਂ ਕੋਲ ਕੰਮ ਕਰਦਾ ਸੀ ਤੇ ਕੰਮ ਲਈ ਹਰ ਰੋਜ਼ ਪਾਤੜਾਂ ਤੋਂ ਸਮਾਣਾ ਆਉਂਦਾ ਸੀ। ਬੀਤੀ ਰਾਤ ਪਾਤੜਾਂ ਵਾਪਸੀ ਸਮੇਂ ਪਿੰਡ ਰੇਤਗੜ੍ਹ ਨੇੜੇ ਸੜਕ 'ਤੇ ਭਿੜ ਰਹੇ ਦੋ ਅਵਾਰਾ ਪਸ਼ੂਆਂ ਨਾਲ ਉਸ ਦਾ ਮੋਟਰਸਾਈਕਲ ਟਕਰਾ ਗਿਆ ਅਤੇ ਸੜਕ 'ਤੇ ਡਿੱਗਣ ਨਾਲ ਉਸ ਦੇ ਸਿਰ ਤੇ ਲੱਗੀ ਸੱਟ ਤੋਂ ਬਾਅਦ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦੇ ਜਾਣ 'ਤੇ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ। ਮਿ੍ਤਕ ਆਪਣੇ ਪਿੱਛੇ ਪਤਨੀ ਤੇ 10 ਸਾਲਾ ਧੀ ਛੱਡ ਗਿਆ ਹੈ।

ਸਿਟੀ ਪੁਲਿਸ ਦੇ ਜਾਂਚ ਅਧਿਕਾਰੀ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਉਪਰੰਤ ਮਿਲੀ ਰਿਪੋਰਟ ਦੀ ਜਾਂਚ ਤੋਂ ਬਾਅਦ ਮਾਮਲੇ ਤ'ੇ ਕਾਰਵਾਈ ਕੀਤੀ ਜਾਵੇਗੀ।