ਜਗਤਾਰ ਸਿੰਘ, ਬਾਦਸ਼ਾਹਪੁਰ : ਹਲਕਾ ਸ਼ੁਤਰਾਣਾ ਵਿਧਾਇਕ ਨਿਰਮਲ ਸਿੰਘ ਦੀ ਨਾਰਾਜ਼ਗੀ ਜ਼ਾਹਿਰ ਕਰਨ ਤੋਂ ਬਾਅਦ ਵਿਕਾਸ ਕਾਰਜ ਸ਼ੁਰੂ ਹੋ ਗਏ ਹਨ।

ਹਲਕੇ ਕਸਬਾ ਬਾਦਸ਼ਾਹਪੁਰ ਵਿਚ ਅਨਾਜ ਮੰਡੀ ਦਾ ਉੱਚੀ ਅਤੇ ਪੱਕੀ ਹੋਣ ਦਾ ਕੰਮ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਥੇ ਇਹ ਦੱਸਣ ਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਕਸਬਾ ਬਾਦਸ਼ਾਹਪੁਰ ਵਿਖੇ 23 ਜੁਲਾਈ ਨੂੰ ਆਪਣੇ ਸਰਕਾਰੀ ਚੋਪਰ ਦੁਆਰਾ ਪਹੁੰਚੇ ਸਨ। ਕਿਸਾਨਾਂ ਦੀ ਸਮੱਸਿਆਵਾਂ ਨੂੰ ਸੁਣਨ ਤੋਂ ਬਾਅਦ ਇਲਾਕਾ ਨਿਵਾਸੀਆਂ ਤੇ ਆੜ੍ਹਤੀ ਐਸੋਸੀਏਸ਼ਨ ਦੀ ਕਾਫੀ ਸਮੇਂ ਤੋ ਮੰਗ ਨੂੰ ਮੁੱਖ ਮੰਤਰੀ ਤਕ ਪਹੁੰਚਾਇਆ ਕਿਉਂਕਿ ਅਨਾਜ ਮੰਡੀ ਨੀਵੀਂ ਹੋਣ ਕਾਰਨ ਬਰਸਾਤਾਂ ਮੌਕੇ ਕਿਸਾਨਾਂ ਦੀ ਫਸਲਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਸੀ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੌਕੇ ਤੇ ਹੀ ਅਨਾਜ ਮੰਡੀ ਪੱਕੀ ਅਤੇ ਉੱਚੀ ਚੁੱਕ ਕੇ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ ਪਰ ਕੁੰਭਕਰਨੀ ਨੀਂਦ ਸੁੱਤੇ ਪਏ ਪ੍ਰਸ਼ਾਸਨ ਨੇ 4 ਮਹੀਨੇ ਬੀਤ ਜਾਣ 'ਤੇ ਵੀ ਇਸ ਵੱਲ ਕੋਈ ਧਿਆਨ ਨਾ ਦਿੱਤਾ। ਜਿਸ ਦੌਰਾਨ ਹਲਕਾ ਸ਼ੁਤਰਾਣਾ ਵਿਧਾਇਕ ਨੇ ਕੁਝ ਦਿਨ ਪਹਿਲਾਂ ਆਪਣੀ ਹੀ ਸਰਕਾਰ ਖ਼ਿਲਾਫ਼ ਝੰਡਾ ਚੁੱਕ ਲਿਆ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ ਹਲਕੇ ਅੰਦਰ ਵਿਕਾਸ ਕਾਰਜ ਜਲਦ ਸ਼ੁਰੂ ਨਾ ਕਰਵਾਏ ਗਏ ਤਾਂ ਉਹ ਮੋਤੀ ਮਹਿਲ ਅੱਗੇ ਧਰਨਾ ਦੇਣਗੇ। ਇਸ ਐਲਾਨ ਤੋਂ ਬਾਅਦ ਸਰਕਾਰ ਵਲੋਂ ਅਨਾਜ ਮੰਡੀ ਬਾਦਸ਼ਾਹਪੁਰ ਦਾ ਕੰਮ ਸ਼ੁਰੂ ਕਰਵਾਇਆ ਗਿਆ। ਮੰਡੀ ਦੀ ਜਾਣਕਾਰੀ ਦਿੰਦਿਆਂ ਮਾਰਕਿਟ ਕਮੇਟੀ ਪਾਤੜਾਂ ਦੇ ਅਕਾਊਂਟੈਂਟ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਮੰਡੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਿਸ ਦਾ ਬਜਟ ਸਿਵਲ ਵਿੰਗ ਵਲੋਂ 77 ਲੱਖ ਦੇ ਕਰੀਬ ਪਾਸ ਕੀਤਾ ਗਿਆ ਹੈ। ਮੰਡੀ ਦੇ ਸ਼ੈੱਡ ਬਾਰੇ ਦੱਸਦਿਆਂ ਕਿਹਾ ਕਿ ਇਸ ਦਾ ਸਾਈਜ਼ ਕਰੀਬ 35 ਗੁਣਾ 35 ਹੋਵੇਗਾ। ਮੰਡੀ ਦੀ ਨਿਸ਼ਾਨ ਦੇਹੀ ਬਾਰੇ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਮੰਡੀ ਦਾ ਨਕਸ਼ਾ ਅਤੇ ਫਰਦਾਂ ਵਗੈਰਾ ਕੱਢਵਾ ਕਿ ਸਿਵਲ ਵਿੰਗ ਨੂੰ ਸੌਂਪ ਦਿੱਤੀਆਂ ਗਈਆਂ ਹਨ।