ਪੱਤਰ ਪੇ੍ਰਕ, ਦੇਵੀਗੜ੍ਹ : ਕਸਬਾ ਦੇਵੀਗੜ੍ਹ ਜਿਸ ਨੂੰ ਕਿ ਹੁਣ ਸਬ ਡਵੀਜ਼ਨ ਦਾ ਦਰਜਾ ਮਿਲ ਗਿਆ ਹੈ ਜਿਸ ਕਰਕੇ ਇਸਦਾ ਸਰਵਪੱਖੀ ਵਿਕਾਸ ਕਰਨਾ ਜਰੂਰੀ ਬਣ ਗਿਆ ਹੈ। ਇਸੇ ਲਈ ਇਸ ਕਸਬੇ ਦੀ ਜਗਜੀਤ ਕਾਲੋਨੀ ਜੋ ਕਿ ਕਾਫੀ ਵੱਡੀ ਹੈ ਇਸ ਲਈ ਇਸ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਜਲਦੀ ਹੀ ਗੰਦੇ ਪਾਣੀ ਦੇ ਨਿਕਾਸ ਲਈ ਨਾਲੇ ਬਣਾਏ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਕੱਤਰ ਜੋਗਿੰਦਰ ਸਿੰਘ ਕਾਕੜਾ ਨੇ ਜਗਜੀਤ ਕਾਲੋਨੀ ਦੇ ਨਿਵਾਸੀਆਂ ਨਾਲ ਬਣਨ ਵਾਲੀਆਂ ਨਾਲੀਆਂ ਦਾ ਜਾਇਜ਼ਾ ਲੈਣ ਸਮੇਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਕਾਕੜਾ ਨੇ ਕਿਹਾ ਕਿ ਅਕਾਲੀ ਰਾਜ ਸਮੇਂ ਹਲਕਾ ਸਨੋਰ ਅਤੇ ਕਸਬਾ ਦੇਵੀਗੜ੍ਹ ਵਿਕਾਸ ਪੱਖੋਂ ਕਾਫੀ ਪਿੱਛੇ ਰਹਿ ਗਿਆ ਸੀ ਪਰ ਜਦੋਂ ਤੋਂ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਹਲਕਾ ਸਨੌਰ ਦਾ ਚਾਰਜ ਸੰਭਾਲਿਆ ਹੈ ਉਦੋਂ ਤੋਂ ਇਹ ਹਲਕਾ ਵਿਕਾਸ ਪੱਖੋਂ ਕਾਫੀ ਮੂਹਰੇ ਚਲਾ ਗਿਆ ਹੈ। ਕਾਕੜਾ ਨੇ ਕਿਹਾ ਕਿ ਦੇਵੀਗੜ੍ਹ ਦੀਆਂ ਨਾਲੀਆਂ ਬਣਨ ਦੇ ਕੰਮ ਦੀ ਸ਼ੁਰੂਆਤ ਜਲਦੀ ਕੀਤੀ ਜਾ ਰਹੀ ਹੈ। ਇਸ ਵਾਸਤੇ ਕੰਮ ਦੇ ਟੈਂਡਰ ਵੀ ਦੋ ਹਫਤਿਆਂ ਵਿੱਚ ਖੋਹਲੇ ਜਾ ਰਹੇ ਹਨ ਅਤੇ ਇੱਕ ਦੋ ਦਿਨਾਂ ਵਿੱਚ ਅਧਿਕਾਰੀ ਇਸ ਕਾਲੋਨੀ 'ਚ ਬਣਨ ਵਾਲੇ ਨਾਲਿਆਂ ਦੀ ਰੂਪ ਰੇਖਾ ਬਣਵਾਉਣਗੇ। ਕਾਕੜਾ ਨੇ ਕਿਹਾ ਕਿ ਤਹਿਸੀਲ ਦੁਧਨਸਾਧਾਂ ਦੇ ਦਫਤਰਾਂ ਦੀ ਇਮਾਰਤ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਕਿ ਅਧਿਕਾਰੀ ਇਨ੍ਹਾਂ ਕਮਰਿਆਂ 'ਚ ਬੈਠਕੇ ਆਪਣਾ ਕੰਮ ਕਰ ਸਕਣ। ਇਸ ਤੋਂ ਇਲਾਵਾ ਦੇਵੀਗੜ੍ਹ ਦੀਆਂ ਗਲੀਆਂ 'ਚ ਲਾਈਟਾਂ ਵੀ ਲਗਵਾਈਂਆਂ ਜਾਣਗੀਆਂ। ਇਸ ਮੌਕੇ ਗੁਰਿੰਦਰਪਾਲ ਸਿੰਘ ਬੱਬੂ ਘੜਾਮ, ਮਨਜੀਤ ਸਿੰਘ, ਮੁਖਤਿਆਰ ਸਿੰਘ ਨੋਗਾਵਾਂ, ਸੁਲੱਖਣ ਸਿੰਘ, ਪ੍ਰਕਾਸ਼ ਸਿੰਘ, ਸੁਰਿੰਦਰ ਸਿੰਘ, ਬਲਬੀਰ ਸਿੰਘ ਮੋਹਲਗੜ੍ਹ, ਗੁਰਮੀਤ ਸਿੰਘ, ਸੁਖਦੇਵ ਸਿੰਘ ਫੌਜੀ, ਨਿਰਮਲ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ, ਸੰਤਾ ਪਲਾਖੇਵਾਲਾ, ਰਾਕੇਸ਼ ਕੁਮਾਰ ਅਤੇ ਗੁਰਚਰਨ ਸਿੰਘ ਬ੍ਹਮਪੁਰ ਵਾਲੇ ਆਦਿ ਮੌਜੂਦ ਸਨ।