ਜਗਨਾਰ ਸਿੰਘ ਦੁਲੱਦੀ, ਨਾਭਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਲੋਕਾਂ ਪ੍ਰਤੀ ਵਚਨਬੱਧਤਾ ਕਰਕੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੋਰੋਨਾ ਸੰਕਟ ਦੇ ਬਾਵਜੂਦ ਫੰਡਾਂ ਦੀ ਕੋਈ ਥੁੜ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨੇੜਲੇ ਪਿੰਡ ਢੀਂਗੀ ਵਿਖੇ 2700 ਵਰਗ ਫੁੱਟ 'ਚ ਮਾਡਲ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ ਅਤੇ ਇਸ ਮੌਕੇ ਉਨ੍ਹਾਂ ਵਲੋਂ ਰਿਜਰਵ ਹਲਕੇ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ 6 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਵਿਕਾਸ ਕਾਰਜਾਂ ਲਈ ਚੈਕ ਤਕਸੀਮ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਡਲ ਪੰਚਾਇਤ ਘਰ ਹਲਕੇ ਦੇ ਪਿੰਡ ਪਿੰਡ ਥੂਹੀ, ਢੀਂਗੀ, ਭੋਜੋਮਾਜਰੀ, ਖੱਟੜਾ ਕਲੋਨੀ, ਫ਼ਰੀਦਪੁਰ ਆਦਿ ਵਿਖੇ 1 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਸੋਤ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜਹਿਰੀਲੀ ਸ਼ਰਾਬ ਵੇਚਣ ਵਾਲਿਆਂ ਅਤੇ ਪੁਲਿਸ ਤੇ ਆਬਕਾਰੀ ਵਿਭਾਗ ਦੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਤੁਰੰਤ ਵੱਡੀ ਕਾਰਵਾਈ ਕੀਤੀ ਹੈ ਅਤੇ ਨਾਲ ਹੀ ਮਰਨ ਵਾਲਿਆਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਪੀੜਤ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਵੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮੈਕ ਤੇ ਚਿੱਟੇ ਦੇ ਤਸਕਰਾਂ ਦਾ ਤਾਂ ਲੱਕ ਤੋੜ ਦਿੱਤਾ ਸੀ ਪਰੰਤੂ ਅਫ਼ਸੋਸ ਹੈ ਕਿ ਪਿਛਲੀ ਸਰਕਾਰ ਇਹ ਜਹਿਰ ਵੇਚਣ ਦੀ ਡੋਰ ਸਮਾਜ ਵਿਰੋਧੀ ਕੁਝ ਮਹਿਲਾਵਾਂ ਦੇ ਹੱਥ ਗਈ ਸੀ, ਜਿਸ ਦਾ ਖਾਤਮਾ ਲੱਗਭਗ ਤੈਅ ਹੈ। ਕੈਬਨਿਟ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਇਸ ਮੁੱਦੇ 'ਤੇ ਸਿਆਸੀ ਰੋਟੀਆਂ ਸੇਕਣ ਤੋਂ ਵਰਜਦਿਆਂ ਕਿਹਾ ਕਿ ਜਿਹੜੇ ਲੋਕਾਂ ਨੇ 10 ਸਾਲ ਨਸ਼ਿਆਂ ਦੀ ਗੁੜ੍ਹਤੀ ਦਿੱਤੀ ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਬੋਲਣ ਦਾ ਕੋਈ ਹੱਕ ਨਹੀਂ। ਧਰਮਸੋਤ ਨੇ ਆਮ ਆਦਮੀ ਪਾਰਟੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੁਪਰੀਮੋ ਆਪਣੇ ਬੋਲਾਂ ਦੀ ਅਕਾਲੀ ਲੀਡਰਾਂ ਤੋਂ ਮੁਆਫ਼ੀ ਮੰਗ ਗਿਆ ਸੀ, ਜਿਸ ਨੂੰ ਹੁਣ ਇਸ ਮੁੱਦੇ ਤੇ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ। ਵਿਰੋਧੀ ਪਾਰਟੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਤੇ ਲਗਾਏ ਇਲਜਾਮਾਂ ਕਿ ਮੁੱਖ ਮੰਤਰੀ ਘਰੋਂ ਬਾਹਰ ਨਹੀਂ ਨਿੱਕਲਦਾ ਪੁੱਛੇ ਸਵਾਲ ਦੇ ਜਵਾਬ ਵਿੱਚ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਦੀ ਪਲ-ਪਲ ਦੀ ਖ਼ਬਰ ਰੱਖਦੇ ਹਨ ਅਤੇ ਇੱਥੋਂ ਤੱਕ ਕਿ ਕੋਰੋਨਾ ਯੋਧਿਆਂ ਨੂੰ ਖ਼ੁਦ ਫੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਹਨ ਅਤੇ ਕੱਲ ਟਿਕਟਾਕ ਦੀ ਸੁਪਰ ਸਟਾਰ ਬੇਬੀ ਨੂਰ ਨਾਲ ਵੀ ਮੁੱਖ ਮੰਤਰੀ ਸਾਹਿਬ ਨੇ ਫੋਨ ਕਰਕੇ ਉਸਦਾ ਹਾਲ ਚਾਲ ਜਾਣਿਆ, ਇਸ ਕਰਕੇ ਵਿਰੋਧੀਆਂ ਨੂੰ ਬੋਲਣ ਤੋਂ ਪਹਿਲਾਂ ਥੋੜ੍ਹਾ ਸੋਚਣਾ ਤੇ ਸਮਝਣਾ ਚਾਹੀਦਾ । ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਇੱਿਛਆਮਾਨ ਸਿੰਘ ਭੋਜੋਮਾਜਰੀ, ਮਾਰਕੀਟ ਕਮੇਟੀ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਸਰਪੰਚ ਬਲਵਿੰਦਰ ਸਿੰਘ ਬਿੱਟੂ ਢੀਂਗੀ, ਸੁਖਜੀਤ ਸਿੰਘ ਸਰਪੰਚ ਭੋਜੋਮਾਜਰੀ, ਜਤਿੰਦਰ ਸਿੰਘ ਜੱਤੀ ਅਭੈਪੁਰ, ਚਰਨਜੀਤ ਬਾਤਿਸ਼ ਸਿਆਸੀ ਸਕੱਤਰ ਧਰਮਸੋਤ, ਅਜਾਇਬ ਸਿੰਘ ਬੀਡੀਪੀਓ, ਪੰਚਾਇਤ ਅਫਸਰ ਪ੍ਰਦੀਪ ਗਲਵੱਟੀ, ਜੱਗਾ ਸਿੰਘ ਚੱਠੇ, ਓਮ ਪ੍ਰਕਾਸ ਕਕਰਾਲਾ, ਗੁਰਜੰਟ ਸਿੰਘ ਦੁਲੱਦੀ, ਬਲਵੀਰ ਸਿੰਘ ਗਦਾਈਆ, ਨੇਤਰਪੁਨੀਤ ਸਿੰਘ ਪਿ੍ਰੰਸ, ਗੁਰਚਰਨ ਸਿੰਘ ਭੀਲੋਵਾਲ, ਹਰਭਜਨ ਸਿੰਘ ਢੀਂਗੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਪੰਚਾਇਤਾਂ ਮੌਜੂਦ ਸਨ।