ਨਵਦੀਪ ਢੀਂਗਰਾ, ਪਟਿਆਲਾ : ਜੇਲ੍ਹ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਕਤਲ ਮਾਮਲੇ ਦੀ ਜਾਂਚ ਅੱਜ ਐਸਆਈਟੀ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤਹਿਤ ਅੱਜ ਐਸਆਈਟੀ ਮੈਂਬਰ ਮਨਦੀਪ ਸਿੰਘ ਸਿੱਧੂ ਤੇ ਆਈਜੀ ਏ.ਐਸ ਰਾਏ ਨਾਭਾ ਦੀ ਨਵੀਂ ਜੇਲ੍ਹ ਵਿਚ ਪੁੱਜੇ। ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀ ਕਤਲ ਮਾਮਲੇ ਦੀ ਪੜਤਾਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਡੀਜੀਪੀ ਜੇਲ੍ਹ ਰੋਹਿਤ ਚੌਧਰੀ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਜਿਸ ਵਿਚ ਆਈਜੀ ਏਐਸ ਰਾਏ, ਏਆਈਜੀ ਹਰਦਿਆਲ ਸਿੰਘ ਮਾਨ, ਏਆਈਜੀ ਕੇ.ਐਸ ਗਿੱਲ ਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੂੰ ਸ਼ਾਮਲ ਕੀਤਾ ਗਿਆ ਹੈ। ਐਸਆਈਟੀ ਦੇ ਦੋ ਮੈਂਬਰ ਆਈਜੀ ਏਐਸ ਰਾਏ ਤੇ ਐਸਐਸਪੀ ਮਨਦੀਪ ਸਿੰਘ ਸਿੱੱਧੂ ਵੀਰਵਾਰ ਦੀ ਦੁਪਹਿਰ ਨਾਭਾ ਦੀ ਨਵੀਂ ਜੇਲ੍ਹ ਵਿਚ ਪੁੱਜੇ। ਆਈਜੀ ਤੇ ਐਸਐਸਪੀ ਵਲੋਂ ਕਰੀਬ ਸਵਾ ਘੰਟਾ ਜੇਲ੍ਹ ਅੰਦਰ ਬਿੱਟੂ ਕਤਲ ਸਬੰਧੀ ਸਾਰੀ ਜਾਣਕਾਰੀ ਹਾਸਲ ਕਰਨ ਦੇ ਨਾਲ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ।

ਗੁੱਥੀ ਸੁਲਝਾਉਣ ਦੇ ਨੇੜੇ ਪੁਲਿਸ : ਆਈਜੀ

ਜੇਲ੍ਹ ਤੋਂ ਬਾਹਰ ਆ ਕੇ ਆਈਜੀ ਏਐਸ ਰਾਏ ਨੇ ਦੱਸਿਆ ਕਿ ਕਤਲ ਮਾਮਲੇ ਸਬੰਧੀ ਪੜਤਾਲ ਲਈ ਅੱਜ ਜੇਲ੍ਹ ਵਿਚ ਐਸਐਸਪੀ ਮਨਦੀਪ ਸਿੰਘ ਸਿੱਧੂ ਨਾਲ ਪੁੱਜੇ ਹਨ। ਜਿਥੇ ਵੱਖ ਵੱਖ ਪਹਿਲੂਆਂ ਦੇ ਵੇਰਵੇ ਇਕੱਤਰ ਕੀਤੇ ਗਏ ਹਨ। ਆਈਜੀ ਨੇ ਮੁੜ ਦਾਅਵਾ ਕੀਤਾ ਕਿ ਪੁਲਿਸ ਗੁੱਥੀ ਸੁਲਝਾਉਣ ਦੇ ਨੇੜੇ ਪੁੱਜ ਚੁੱਕੀ ਹੈ, ਫਿਲਹਾਲ ਸਾਰੇ ਸਬੂਤਾਂ ਨੂੰ ਇਕੱਤਰ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਇਸ ਦਾ ਖੁਲਾਸਾ ਕੀਤਾ ਜਾਵੇਗਾ।

ਜੇਲ੍ਹ ਦੀ ਸੁਰੱਖਿਆ ਵਧਾਈ, ਆਈਆਰਬੀ ਫੋਰਸ ਲਾਈ

ਡੇਰਾ ਪ੍ਰੇਮੀ ਕਤਲ ਕਾਂਡ ਤੋਂ ਬਾਅਦ ਨਾਭਾ ਦੀ ਨਵੀਂ ਜੇਲ੍ਹ ਵਿਚ ਸੁਰੱਖਿਆ ਮੁਲਾਜਮਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਆਈਜੀ ਏਐਸ ਰਾਏ ਦੱਸਿਆ ਕਿ ਨਵੀਂ ਜੇਲ੍ਹ ਵਿਚ ਇਕ ਹਜ਼ਾਰ ਦੇ ਕਰੀਬ ਕੈਦੀ ਹਨ ਤੇ ਹੁਣ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਜੇਲ੍ਹ ਵਿਚ ਆਈਆਰਬੀ ਦੀ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਸੁਰੱਖਿਆ ਪ੍ਰਬੰਧ ਪੂਰੀ ਤਰਾਂ ਪੁਖਤਾ ਹਨ।

Posted By: Amita Verma