ਨਵਦੀਪ ਢੀਂਗਰਾ, ਪਟਿਆਲਾ : ਨਾਭਾ ਦੀ ਨਵੀਂ ਜੇਲ੍ਹ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਕਾਂਡ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਬਿੱਟੂ ਦੇ ਕਤਲ ਵਿਚ ਦੋ ਨਹੀਂ, ਸਗੋਂ ਹੋਰ ਲੋਕਾਂ ਦੀ ਵੀ ਸ਼ਮੂਲੀਅਤ ਰਹੀ ਹੈ। ਇਸਦਾ ਖੁਲਾਸਾ ਮਨਿੰਦਰ ਸਿੰਘ ਤੇ ਗੁਰਸੇਵਕ ਸਿੰਘ ਵਲੋਂ ਪੁਲਿਸ ਰਿਮਾਂਡ ਦੋਰਾਨ ਕੀਤੀ ਪੁੱਛ ਪੜਤਾਲ ਦੋਰਾਨ ਹੋਇਆ ਹੈ। ਪੁਲਿਸ ਵਲੋਂ ਇਸੇ ਜੇਲ੍ਹ ਵਿਚ ਬੰਦ ਦੋ ਹੋਰ ਕੈਦੀਆਂ ਨੂੰ ਪੁੱਛ ਪੜਤਾਲ ਲਈ ਪ੍ਰਡਕਸ਼ਨ ਵਰੰਟ 'ਤੇ ਲਿਆਂਦਾ ਗਿਆ ਹੈ।

ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿਚ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਚੱਲ ਰਹੇ ਮਨਿੰਦਰ ਸਿੰਘ ਤੇ ਗੁਰਸੇਵਕ ਸਿੰਘ ਤੋਂ ਸੀਆਈਏ ਸਟਾਫ ਪਟਿਆਲਾ ਦੀ ਟੀਮ ਵਲੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਰਿਮਾਂਡ ਦੇ ਪਹਿਲੇ ਦਿਨ ਇਸ ਕਤਲ ਕਾਂਡ ਵਿਚ ਹੋਰ ਵਿਅਕਤੀਆਂ ਦੇ ਨਾਮ ਵੀ ਸਾਹਮਣੇ ਆਏ ਹਨ। ਮਨਿੰਦਰ ਹੋਰਾਂ ਨੇ ਪੁਲਿਸ ਸਾਹਮਣੇ ਕੈਦੀ ਹਰਪ੍ਰੀਤ ਹੈਪੀ ਤੇ ਲਖਵੀਰ ਉਰਫ ਲੱਖਾ ਦਾ ਨਾਂ ਲਿਆ ਹੈ ਜਿਸ 'ਤੇ ਪੁਲਿਸ ਨੇ ਨਵੀਂ ਜੇਲ੍ਹ ਵਿਚ ਬੰਦ ਹਰਪ੍ਰੀਤ ਹੈਪੀ ਤੇ ਲਖਵੀਰ ਸਿੰਘ ਉਰਫ ਲੱਖਾ ਨੂੰ ਪ੍ਰਡਕਸ਼ਨ ਵਰੰਟ 'ਤੇ ਲੈ ਲਿਆ ਹੈ। ਸੂਤਰਾਂ ਅਨੁਸਾਰ ਪਿੰਡ ਨਾਗਰੀ ਵਾਸੀ ਹਰਪ੍ਰੀਤ ਹੈਪੀ ਖਿਲਾਫ ਲੁੱਟ ਖੋਹ ਦਾ ਮਾਮਲਾ ਦਰਜ ਹੈ ਜਦੋਂਕਿ ਅਮਲੋਹ ਵਾਸੀ ਲੱਖਾ ਖਿਲਾਫ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਦੂਸਰੇ ਪਾਸੇ ਸੀਆਈਏ ਸਟਾਫ ਇੰਚਾਰਜ ਇੰਸਪੈਕਟ ਸ਼ਮਿੰਦਰ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਬਿੱਟੂ ਦਾ ਕਤਲ ਕਿਉਂ ਕੀਤਾ ਗਿਆ ਇਸ ਬਾਰੇ ਜਲਦ ਖੁਲਾਸਾ ਕੀਤਾ ਜਾਵੇਗਾ।


ਜੇਲ੍ਹ 'ਚ ਬੰਦ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਵਧਾਈ

ਨਵੀਂ ਜੇਲ੍ਹ ਵਿਚ 6 ਹੋਰ ਡੇਰਾ ਪ੍ਰੇਮੀ ਬੰਦ ਹਨ, ਜਿਨਾਂ ਦੀ ਸੁਰੱਖਿਆ ਪਹਿਲਾਂ ਨਾਲੋਂ ਹੋਰ ਵਧਾ ਦਿੱਤੀ ਗਈ ਹੈ। ਡੇਰਾ ਪ੍ਰੇਮੀਆਂ ਦੇ ਸੈਲ ਦੇ ਬਾਹਰ ਸੁਰੱਖਿਆ ਮੁਲਾਜਮਾਂ ਦੀ ਗਸ਼ਤ ਵਧਾਉਣ ਦੇ ਨਾਲ ਵਿਸ਼ੇਸ਼ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਜੇਲ੍ਹ ਵਿਚ ਇਕ ਨੰਬਰ ਬਲਾਕ ਵਿਚਲੇ ਤਿੰਨ ਨੰਬਰ ਸੈਲ ਵਿਚ ਬਲਜੀਤ, ਰਾਜਵਿੰਦਰ ਤੇ ਸੁਖਵਿੰਦਰ, ਸੈਲ ਨੰਬਰ ਪੰਜ ਵਿਚ ਜਤਿੰਦਰ ਤੇ ਕੁਲਦੀਪ ਬੰਦ ਹੈ ਜਦੋਂਕਿ ਬਲਾਕ ਨੰਬਰ ਦੋ ਵਿਚ ਮ੍ਰਿਤਕ ਬਿੱਟੂ ਦੇ ਨਾਲ ਮਹਿੰਦਰ ਬੰਦ ਸੀ। ਪੰਜ ਤੇ ਦੋ ਨੰਬਰ ਸੈਲ ਵਿਚ ਡੇਰਾ ਪ੍ਰੇਮੀਆਂ ਤੋਂ ਇਲਾਵਾ ਹੋਰ ਕੈਦੀਆਂ ਨੂੰ ਰੱਖਿਆ ਗਿਆ ਸੀ। ਬਿੱਟੂ ਦੇ ਕਤਲ ਤੋਂ ਬਾਅਦ ਇਨਾਂ ਕੈਦੀਆਂ ਨੂੰ ਵੀ ਵੱਖਰਾ ਕਰ ਦਿੱਤਾ ਗਿਆ ਹੈ।


ਜਲਦ ਸੁਲਝਾਈ ਜਾਵੇਗੀ ਕਤਲ ਦੀ ਗੁੱਥੀ : ਆਈਜੀ

ਡੇਰਾ ਪ੍ਰੇਮੀ ਬਿੱਟੂ ਕਤਲ ਮਾਮਲੇ ਦੀ ਗੁੱਥੀ ਜਲਦ ਸੁਲਝਾ ਲਈ ਜਾਵੇਗੀ। ਇਹ ਦਾਅਵਾ ਆਈਜੀ ਏਐਸ ਰਾਏ ਨੇ ਕੀਤਾ ਹੈ। ਆਈਜੀ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਪੂਰੀ ਮੁਸਤੈਦੀ ਨਾਲ ਪੜਤਾਲ ਸ਼ੁਰੂ ਕੀਤੀ ਗਈ ਹੈ ਤੇ ਕਤਲ ਮਾਮਲੇ ਦੀ ਗੁੱਥੀ 2-4 ਦਿਨਾਂ ਵਿਚ ਹੀ ਸੁਲਝਾ ਲਈ ਜਾਵੇਗੀ। ਆਈਜੀ ਰਾਏ ਦੱਸਿਆ ਕਿ ਜੇਲ੍ਹ ਵਿਚ ਜੇਲ੍ਹ ਅੰਦਰ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਜਾ ਚੁੱਕੇ ਹਨ, ਡੇਰਾ ਪ੍ਰੇਮੀਆਂ ਦੀ ਸੁਰੱਖਿਆ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ।

Posted By: Jagjit Singh