ਨਵਦੀਪ ਢੀਂਗਰਾ, ਪਟਿਆਲਾ : ਪੰਜਾਬ ਵਿਚ ਇਕੋ ਵਿਭਾਗ ਵਿਚ ਕੰਮ ਕਰਦੇ ਮੁਲਾਜਮਾਂ 'ਤੇ ਹੀ ਵੱਖ ਵੱਖ ਨਿਯਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦਿਆਂ ਅੱਜ ਪਹਿਲੇ ਦਰਜੇ ਦੇ ਅਧਿਕਾਰੀ ਚੌਥਾ ਦਰਜਾ ਮੁਲਾਜਮਾਂ ਤੋਂ ਘੱਟ ਤਨਖਾਹਾਂ 'ਤੇ ਕੰਮ ਕਰਨ ਲਈ ਮਜ਼ਬੂਰ ਹਨ। 9 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ 'ਤੇ ਪੱਕੀ ਨੌਕਰੀ ਕਰਨ ਵੱਡੀ ਗਿਣਤੀ ਆਯੁਵੈਦਿਕ ਮੈਡੀਕਲ ਅਫਸਰ ਆਰਥਿਕ ਤੰਗੀ ਦਾ ਸ਼ਿਕਾਰ ਹੋਣ ਲੱਗੇ ਹਨ।

ਜਾਣਕਾਰੀ ਅਨੁਸਾਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ 104 ਪੀਸੀਐਮਸ ਆਯੂਰਵੈਦਿਕ ਡਾਕਟਰਾਂ ਨੂੰ ਸਾਲ 2019 ਵਿਚ ਸੂਬੇ ਦੇ ਵੱਖ ਵੱਖ ਜਿਲ੍ਹਿਆਂ ਵਿਚ ਏਐਮਓ ਬਤੌਰ ਪੀਸੀਐਮਐਸ ਆਯੂਰਵੈਦਿਕ ਮੈਡੀਕਲ ਅਫਸਰ ਨਿਯੁਕਤ ਕੀਤਾ ਗਿਆ। ਪੀਸੀਐਮਐਸ ਆਯੂਰਵੈਦਿਕ ਮੈਡੀਕਲ ਅਸਫਰਾਂ ਵਿਚੋਂ ਕਈ ਡਾਕਟਰ ਜੋ ਕਿ ਐਨਆਰਐਚਐਮ ਵਿਚ 5-10 ਤੋਂ ਸਿਹਤ ਸੇਵਾਵਾਂ ਦੇ ਰਹੇ ਸਨ ਤੇ ਇਨਾਂ ਵਿਚੋਂ ਕਈ ਡਾਕਟਰ 30 ਹਜ਼ਾਰ ਤੋਂ 50 ਹਜ਼ਾਰ ਰੁਪਏ ਮਹੀਨਾ ਤਨਖਾਹ ਲੈ ਰਹੇ ਸਨ। ਕੰਟਰੈਕਟ ਨੌਕਰੀ ਹੋਣ ਕਰਕੇ ਇਨਾਂ ਵਲੋਂ ਪੀਸੀਐਮਐਸ ਦੀ ਆਯੂਰਵੈਦਿਕ ਮੈਡੀਕਲ ਅਫਸਰ ਵਲੋਂ ਰੁੱਖ ਕੀਤਾ ਗਿਆ ਸੀ ਪ੍ਰੰਤੂ ਇਥੇ ਆਉਣ ਮਗਰੋਂ ਇਨਾਂ ਨੂੰ ਵੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੋਵਿਡ ਵਲੰਟੀਅਰ ਤੋਂ ਵੀ ਘੱਟ ਏਐਮਓ ਦੀ ਤਨਖਾਹ

ਪੰਜਾਬ ਸਰਕਾਰ ਵਲੋਂ ਕੋਵਿਡ 19 ਆਈਸੋਲੇਸ਼ਨ ਸੈਂਟਰ ਲਈ ਵਲੰਟੀਅਰਾਂ ਦੀ ਨਿਯੁਕਤ ਕਰਦਿਆਂ ਇਨਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਦਿਨ ਹਿਸਾਬ ਨਾਲ 60 ਹਜ਼ਾਰ ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ। ਪਰ ਪੀਪੀਐਸਸੀ ਰਾਹੀਂ ਨਿਯੁਕਤ ਹੋਏ ਏਐਮਓ ਸਿਰਫ 9 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ 'ਤੇ ਕੰਮ ਕਰਨ ਲਈ ਮਜਬੂਰ ਹਨ।

ਏਐਮਓ 'ਤੇ ਦੋ ਸਾਲ ਬਾਅਦ ਵੀ ਲਾਗੂ ਨਾ ਹੋਏ ਹੁਕਮ

ਪੀਸੀਐਮਐਸ ਅਧੀਨ ਡਾਕਟਰਾਂ ਸਬੰਧੀ ਪੰਜਾਬ ਸਰਕਾਰ ਵਿਚ ਵਿਭਾਗ ਵਲੋਂ 2018 ਰਾਹੀਂ ਪੀਸੀਐਮਐਸ ਅਧੀਨ ਐਮਬੀਬੀਐਸ ਤੇ ਡੈਂਟਲ ਡਾਕਟਰਾਂ ਨੂੰ ਪ੍ਰੋਬੇਸ਼ਨ ਵਿਚ ਪੂਰੀ ਤਨਖਾਹ ਦੇਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਪਰ ਪੀਸੀਐਮਐਸ ਅਧੀਨ ਹੀ ਆਉਂਦੇ ਆਯੁਰਵੈਦਿਕ ਮੈਡੀਕਲ ਅਫਸਰਾਂ 'ਤੇ ਹੁਕਮ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ।

Posted By: Susheel Khanna