ਸਟਾਫ ਰਿਪੋਰਟਰ, ਪਟਿਆਲਾ : ਦਿੱਲੀ-ਕੱਟੜਾ ਐਸਕਪ੍ਰੈਸ ਵੇਅ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਨੇੜੇ ਧਰਨੇ 'ਤੇ ਬੈਠੇ ਰੋਡ ਕਿਸਾਨ ਸੰਘਰਸ ਕਮੇਟੀ ਦੇ ਆਗੂਆਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਮੀਟਿੰਗ ਦੇ ਸੱਦੇ 'ਚ ਨਾ ਹੀ ਮੁੱਖ ਮੰਤਰੀ ਦੇ ਓਐੱਸਡੀ ਪੁੱਜੇ ਤੇ ਨਾ ਹੀ ਕੋਈ ਅਧਿਕਾਰੀ ਸਾਰ ਲੈਣ ਲਈ ਆਇਆ।

ਕਿਸਾਨ ਆਗੂ ਮੀਟਿੰਗ ਲਈ ਸਕਰਟ ਹਾਊਸ ਦੇ ਬੰਦ ਗੇਟ ਅੱਗੇ ਕਈ ਘੰਟੇ ਉਡੀਕ ਕਰਦੇ ਰਹੇ ਤੇ ਅਖੀਰ ਅੱਕ ਕੇ ਗੇਟ ਅੱਗੇ ਹੀ ਧਰਨੇ 'ਤੇ ਬੈਠ ਗਏ। ਇਸ ਦੌਰਾਨ ਕਿਸਾਨਾਂ ਨਾਲ ਹੋ ਰਹੀ ਵਾਅਦਾਖਿਲਾਫੀ ਤੋਂ ਦੁਖੀ ਹੋ ਕੇ ਰੋਡ ਸੰਘਰਸ਼ ਕਮੇਟੀ ਕੋਆਰਡੀਨੇਟਰ ਡਿੱਕੀ ਜੇਜੀ ਕੈਪਟਨ ਸਰਕਾਰ ਨੂੰ ਕੋਸਦੇ ਰਹੇ।

ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਪ੍ਰਾਜੈਕਟ ਤਹਿਤ ਅਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੇ ਸਹੀ ਮੁੱਲ ਦੀ ਮੰਗ ਨੂੰ ਲੈ ਕਿਸਾਨਾਂ ਵੱਲੋਂ ਰੋਡ ਸੰਘਰਸ਼ ਕਮੇਟੀ ਦੇ ਝੰਡੇ ਹੇਠ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਨੇੜੇ ਧਰਨਾ ਲਾਇਆ ਹੋਇਆ ਹੈ।

ਪਿਛਲੇ ਦਿਨੀਂ ਕਿਸਾਨਾਂ ਵੱਲੋਂ ਮੋਤੀ ਮਹਿਲ ਨੂੰ ਟਰੈਕਟਰਾਂ ਨਾਲ ਘੇਰਾ ਪਾਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮੰਗਲਵਾਰ ਨੂੰ ਤਿੰਨ ਮੈਂਬਰੀ ਟੀਮ ਜਿਸ ਵਿਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਮੁੱਖ ਮੰਤਰੀ ਦੇ ਓਐੱਸਡੀ ਐੱਮ.ਪੀ. ਸਿੰਘ ਅਤੇ ਆਈਏਐੱਸ ਅਧਿਕਾਰੀ ਵਿਸ਼ਵਜੀਤ ਸਿੰਘ ਖੰਨਾ ਸ਼ਾਮਲ ਸਨ, ਨਾਲ ਮੀਟਿੰਗ ਦਾ ਭਰੋਸਾ ਦਿੱਤਾ ਸੀ।

ਰੋਡ ਕਿਸਾਨ ਸੰਘਰਸ ਕਮੇਟੀ ਦੇ ਕੋਆਰਡੀਨੇਟਰ ਹਰਮਨਪ੍ਰਰੀਤ ਸਿੰਘ ਡਿੱਕੀ ਜੇਜੀ ਹੋਰ ਆਗੂਆਂ ਨਾਲ ਸਵੇਰੇ 11 ਵਜੇਂ ਦੇ ਕਰੀਬ ਟਰੈਕਟਰਾਂ ਤੇ ਮੀਟਿੰਗ ਲਈ ਸਰਕਟ ਹਾਊਸ ਪੁੱਜ ਗਏ। ਪ੍ਰਸ਼ਾਸਨ ਵੱਲੋਂ ਸਰਕਟ ਹਾਊਸ ਦੇ ਮੁੱਖ ਗੇਟ ਨੂੰ ਪਹਿਲਾਂ ਜਿੰਦਾ ਜੜਿਆ ਹੋਇਆ ਸੀ ਅਤੇ ਭਾਰੀ ਗਿਣਤੀ ਪੁਲਿਸ ਤਾਇਨਾਤ ਕੀਤੀ ਹੋਈ ਸੀ। ਕਈ ਘੰਟੇ ਬੀਤਣ ਤੋਂ ਬਾਅਦ ਮੀਟਿੰਗ ਲਈ ਸਰਕਾਰ ਵੱਲੋਂ ਕੋਈ ਵੀ ਨਾ ਪੁੱਜਾ। ਇਸ ਦੌਰਾਨ ਡਿੱਕੀ ਜੇਜੀ ਵੱਲੋਂ ਟਰੈਕਟਰ ਸਰਕਟ ਹਾਊਸ ਵਿੱਚ ਧੱਕੇ ਨਾਲ ਵਾੜਨ ਦੀ ਕੋਸ਼ਿਸ ਕੀਤੀ, ਪਰ ਪੁਲਿਸ ਅੱਗੇ ਹੋ ਗਈ। ਇਸ ਤੋਂ ਬਾਅਦ ਕਿਸਾਨ ਆਗੂ ਵੱਲੋਂ ਪੁਲਿਸ ਨੂੰ ਚਕਮਾ ਦੇ ਕੇ ਪੈਦਲ ਅੰਦਰ ਵੜਨ ਲਈ ਜੱਦੋਜਹਿਦ ਕੀਤੀ ਤਾਂ ਪੁਲਿਸ ਨੇ ਉਸ ਨੂੰ ਜੱਫੇ ਮਾਰ ਕੇ ਫੜ ਲਿਆ। ਇਸ ਤੋਂ ਅੱਕੇ ਆਗੂ ਨੇ ਸਰਕਟ ਹਾਊਸ ਦੇ ਗੇਟ ਅੱਗੇ ਹੀ ਧਰਨਾ ਲਾ ਦਿੱਤਾ।

ਇਸ ਮੌਕੇ ਡਿੱਕੀ ਜੇਜੀ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਉਸ ਕਿਹਾ ਕਿ ਮੀਟਿੰਗ ਲਈ ਪੁੱਜਣਾ ਤਾਂ ਇਕ ਪਾਸੇ, ਉਨ੍ਹਾਂ ਨੂੰ ਮੀਟਿੰਗ ਰੱਦ ਹੋਣ ਦਾ ਵੀ ਲਿਖਤੀ ਨਹੀਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਚਾਰ ਦਿਨਾਂ ਤੋਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਗੁਮਰਾਹ ਕੀਤਾ ਗਿਆ ਹੈ। ਜੇਕਰ ਮੀਟਿੰਗ ਹੀ ਨਹੀਂ ਕਰਨੀ ਸੀ ਤਾਂ ਫਿਰ ਮੀਟਿੰਗ ਦੇ ਨਾਂ 'ਤੇ ਮੂਰਖ ਕਿਉਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਵੀ ਮੋਦੀ ਨਾਲ ਮਿਲਿਆ ਹੋਇਆ ਹੈ। ਇਸ ਸਾਰੇ ਕਿਸਾਨਾਂ ਨੂੰ ਉਜਾੜਨ 'ਤੇ ਲੱਗੇ ਹੋਏ ਹਨ।

ਫਿਰ ਮਿਲਿਆ ਮੀਟਿੰਗ ਦਾ ਭਰੋਸਾ

ਐੱਸਐੱਸਪੀ ਤੇ ਡੀਸੀ ਨੇ ਦੇਰ ਸ਼ਾਮ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਉਨ੍ਹਾਂ ਦੀ ਮੀਟਿੰਗ ਸਰਕਾਰ ਪੱਧਰ 'ਤੇ ਕਰਵਾਈ ਜਾਵੇਗੀ ਅਤੇ ਉਨ੍ਹਾਂ ਦੇ ਅਧਿਕਾਰ ਖੇਤਰ ਹੇਠਲੇ ਮਸਲਿਆਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਮੋਤੀ ਮਹਿਲ ਦੇ ਆਲੇ ਦੁਆਲੇ ਖੜ੍ਹੇ ਟਰੈਕਟਰਾਂ-ਟਰਾਲੀਆਂ ਨੂੰ ਹਟਾ ਲਿਆ ਜਾਵੇਗਾ ਅਤੇ ਵਾਈਪੀਐੱਸ ਚੌਕ ਕੋਲ ਸੰਕੇਤਕ ਧਰਨਾ ਜਾਰੀ ਰਹੇਗਾ।