ਪੰਜਾਬੀ ਜਾਗਰਣ ਟੀਮ, ਪਟਿਆਲਾ : ਬਰਗਾੜੀ ਮਾਮਲੇ ਵਿਚ ਨਾਮਜ਼ਦ ਹਵਾਲਾਤੀ ਦਾ ਨਾਭਾ ਦੀ ਨਵੀਂ ਜੇਲ੍ਹ ਵਿਚ ਕਤਲ ਕਰ ਦਿੱਤਾ ਗਿਆ ਹੈ। ਮਰਨ ਵਾਲੇ ਦੀ ਪਛਾਣ ਮਹਿੰਦਰਪਾਲ ਉਰਫ ਬਿੱਟੂ ਪੁੱਤਰ ਰਾਮਲਾਲ ਵਾਸੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ ਜੋਕਿ ਡੇਰਾ ਸਿਰਸਾ ਦਾ ਪ੍ਰੇਮੀ ਸੀ। ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਬੰਧਤ ਥਾਣੇ ਨੂੰ ਸੂਚਨਾ ਦੇ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਜੇਲ੍ਹ ਅੰਦਰ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਅੰਦਰ ਇੱਟਾਂ, ਸਰੀਆ ਤੇ ਲੋਹੇ ਦਾ ਹੋਰ ਸਾਮਾਨ ਪਿਆ ਹੈ। ਸ਼ਨਿਚਰਵਾਰ ਸ਼ਾਮ ਜੇਲ 'ਚ ਛੁੱਟੀ ਤੋਂ ਬਾਅਦ ਜਦੋਂ ਸਾਰੇ ਕੈਦੀ ਆਪਣੀਆਂ-ਆਪਣੀਆਂ ਬੈਰਕਾਂ ਵੱਲ ਜਾ ਰਹੇ ਸਨ ਇੱਥੇ ਹੀ ਮੌਜੂਦ ਗੁਰਸੇਵਕ ਤੇ ਮਨਿੰਦਰ ਸਿੰਘ ਨਾਂ ਦੇ ਕੈਦੀਆਂ ਵੱਲੋਂ ਮਹਿੰਦਰਪਾਲ ਸਿੰਘ ਬਿੱਟੂ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿ ਹੋਰ ਕੈਦੀ ਤੇ ਜੇਲ੍ਹ ਪ੍ਰਬੰਧਕ ਉਸ ਦੀ ਮਦਦ ਕਰਦੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕਾ ਸੀ। ਉਸ ਨੂੰ ਜ਼ਖ਼ਮੀ ਹਾਲਤ ਵਿਚ ਨਾਭਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ। ਇਸ ਸਬੰਧੀ ਥਾਣਾ ਸਦਰ ਵਿਖੇ ਦੋਵਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਐੱਸਪੀ (ਡੀ) ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਮਹਿੰਦਰਪਾਲ ਬਰਗਾੜੀ ਕੇਸ ਵਿਚ ਨਾਮਜ਼ਦ ਸੀ। ਫਿਲਹਾਲ ਲਾਸ਼ ਨੂੰ ਹਸਪਤਾਲ ਵਿਚ ਰੱਖਿਆ ਗਿਆ ਹੈ। ਹਮਲੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਡੀਐੱਸਪੀ ਨਾਭਾ ਨੇ ਜੇਲ੍ਹ ਅਧਿਕਾਰੀਆਂ ਤੇ ਸਟਾਫ ਤੋਂ ਇਲਾਵਾ ਹੋਰਨਾਂ ਕੈਦੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕਤਲ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ। ਦੂਜੇ ਪਾਸੇ ਸਿਵਲ ਹਸਪਤਾਲ ਵਿਚ ਮਹਿੰਦਰਪਾਲ ਬਿੱਟੂ ਦੀ ਲਾਸ਼ ਰੱਖਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਆਸਪਾਸ ਪੁਲਿਸ ਨੇ ਪਹਿਰਾ ਲਾ ਦਿੱਤਾ ਹੈ। ਇਸ ਦੇ ਨਾਲ ਹੀ ਨਾਭਾ ਵਿਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਮਾਹੌਲ ਸ਼ਾਂਤ ਬਣਿਆ ਰਹੇ।

ਉੱਧਰ, ਨਾਭਾ ਜੇਲ੍ਹ 'ਚ ਮਹਿੰਦਰਪਾਲ ਬਿੱਟੂ ਦੀ ਮੌਤ ਦੀ ਖ਼ਬਰ ਸੁਣਦਿਆਂ ਕੋਟਕਪੂਰਾ ਵਿਖੇ ਉਨ੍ਹਾਂ ਦੀ ਰਿਹਾਇਸ਼ ਦੇ ਆਸ-ਪਾਸ ਡੇਰਾ ਪ੍ਰੇਮੀ ਪਹੁੰਚ ਗਏ। ਪ੍ਰਸ਼ਾਸਨ ਨੇ ਸ਼ਹਿਰ 'ਚ ਅਮਾਨ-ਅਮਾਨ ਬਹਾਲ ਰੱਖਣ ਲਈ ਰਿਹਾਇਸ਼ ਦੇ ਆਸ-ਪਾਸ ਅਤੇ ਨਾਮ ਚਰਚਾ ਘਰ ਅੱਗੇ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕਰ ਦਿੱਤੀ ਹੈ।

ਉਧਰ, ਏਡੀਜੀਪੀ ਜੇਲ੍ਹ ਰੋਹਿਤ ਚੌਧਰੀ ਨਾਭਾ ਜੇਲ੍ਹ ਵਿੱਚ ਪਹੁੰਚੇ ਜੇਲ੍ਹ ਵਿੱਚ ਦਾਖ਼ਲ ਹੁੰਦਿਆਂ ਏਡੀਜੀਪੀ ਵੱਲੋਂ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ।

ਬੀਤੇ ਸਾਲ ਪਾਲਮਪੁਰ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ ਬਿੱਟੂ

ਦੱਸਣਾ ਬਣਦਾ ਹੈ ਕਿ ਮਹਿੰਦਰਪਾਲ ਬਿੱਟੂ ਡੇਰਾ ਸੱਚਾ ਸੌਦਾ ਸਿਰਸਾ ਦਾ ਸੂਬਾ ਕਮੇਟੀ ਮੈਂਬਰ ਸੀ ਜਿਸ ਨੂੰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਬੀਤੇ ਸਾਲ ਗਿ੍ਫ਼ਤਾਰ ਕੀਤਾ ਗਿਆ ਸੀ। ਬਰਗਾੜੀ ਕਾਂਡ ਵਿਚ ਪੁਲਿਸ ਵੱਲੋਂ ਉਸ ਦੀ ਭਾਲ ਸਾਲ 2017 ਤੋਂ ਕੀਤੀ ਜਾ ਰਹੀ ਸੀ। ਬਰਗਾੜੀ ਕਾਂਡ ਲਈ ਬਣਾਈ ਕਈ ਵਿਸ਼ੇਸ ਜਾਂਚ ਟੀਮ ਵੱਲੋਂ ਮਹਿੰਦਰਪਾਲ ਨੂੰ ਇਸ ਮਾਮਲੇ ਦਾ ਮੁੱਖ ਸਾਜਿਸ਼ਕਰਤਾ ਐਲਾਨਿਆ ਗਿਆ ਸੀ।

Posted By: Amita Verma