ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ : ਪਿੰਡ ਭੂਤਗੜ੍ਹ ਤੋਂ ਪੁਲਿਸ ਵੱਲੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਫੜੇ ਜਾਣ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪੁਲਿਸ ਰਿਮਾਂਡ ਦੌਰਾਨ ਮੌਤ ਹੋ ਗਈ ਹੈ। ਬੀਤੀ ਰਾਤ ਬਿਮਾਰ ਹੋਏ ਵਿਅਕਤੀ ਨੂੰ ਪੁਲਿਸ ਮੁਲਾਜ਼ਮ ਹਸਪਤਾਲ ਲੈ ਕੇ ਗਏ ਸਨ ਪਰ ਉਸ ਦੀ ਹਾਲਤ ਵਿਗੜਨ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਵੀਰਵਾਰ ਦੇਰ ਸ਼ਾਮ ਵਾਪਰੀ ਇਸ ਘਟਨਾ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਗਏ ਪੁਲਿਸ ਮੁਲਾਜ਼ਮਾਂ ਨੂੰ ਪਿੰਡ ਵਾਲਿਆਂ ਨੇ ਘੇਰ ਲਿਆ। ਉਨ੍ਹਾਂ ਨੂੰ ਅੱਧੀ ਰਾਤ ਮਗਰੋਂ ਥਾਣਾ ਮੁਖੀ ਪਾਤੜਾਂ ਗੁਰਦੇਵ ਸਿੰਘ ਨੇ ਖੁਦ ਜਾ ਕੇ ਲੋਕਾਂ ਕੋਲੋਂ ਛੁਡਵਾਇਆ। ਘਟਨਾ ਦੇ ਰੋਸ ਵਜੋਂ ਸ਼ੁੱਕਰਵਾਰ ਦੁਪਹਿਰ ਸਮੇਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣੇ ਦਾ ਘਿਰਾਓ ਕੀਤਾ ਤੇ ਇੰਨਸਾਫ ਮਿਲਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

ਇਸ ਦੌਰਾਨ ਡੀਐੱਸਪੀ ਭਰਪੂਰ ਸਿੰਘ ਵੱਲੋਂ ਮਿ੍ਤਕ ਦੇ ਵਾਰਸਾਂ ਤੇ ਧਰਨਾਕਾਰੀਆਂ ਨੂੰ ਮਨਾਉਣ ਦੇ ਯਤਨ ਕੀਤੇ ਗਏ ਪਰ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਸਿਵਲ ਜੱਜ ਸਮਾਣਾ ਰਮਨਦੀਪ ਕੌਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

ਧਰਨੇ ਵਿਚ ਸ਼ਾਮਲ ਮਿ੍ਤਕ ਦੇ ਭਰਾ ਪਵਨ ਸਿੰਘ ਨੇ ਦੱਸਿਆ ਕੇ ਤਿੰਨ ਅਗਸਤ ਨੂੰ ਪੁਲਿਸ ਮੁਲਾਜ਼ਮ ਸ਼ਰਾਬ ਸਮੱਗਲਿੰਗ ਦੇ ਦੋਸ਼ ਹੇਠ ਉਸ ਦੇ ਭਰਾ ਬੀਰਬਲ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਲੈ ਗਏ ਸੀ।ਥਾਣੇ ਵਿਚ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਧਰਨੇ ਵਿਚ ਸ਼ਾਮਲ ਹੋਈਆਂ ਜਨਤਕ ਜਥੇਬੰਦੀਆਂ ਦੇ ਆਗੂ ਕਲਵੰਤ ਸਿੰਘ ਮੌਲਵੀਵਾਲਾ, ਹਰਭਜਨ ਸਿੰਘ ਬੁੱਟਰ, ਜਗਜੀਤ ਸਿੰਘ ਦੁਗਾਲ, ਰਾਮਚੰਦ ਚੁਨਾਗਰਾ, ਸਾਹਿਬ ਸਿੰਘ ਦੁਤਾਲ ਅਤੇ ਸਰਪੰਚ ਕਰਨੈਲ ਸਿੰਘ ਨੇ ਦੱਸਿਆ ਕਿ ਬੀਰਬਲ ਸਿੰਘ ਪੰਜ ਬੱਚਿਆਂ ਦਾ ਪਿਤਾ ਸੀ, ਉਸ ਦੀ ਪਤਨੀ ਅਪਾਹਜ ਹੈ। ਉਸ ਦੀ ਮੌਤ ਮਗਰੋਂ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਸਕਦਾ ਹੈ। ਇਸ ਲਈ ਪਰਿਵਾਰ ਨੂੰ 25 ਲੱਖ ਰੁਪਏ ਤੇ ਬੇਰੁਜ਼ਗਾਰੀ ਭੱਤਾ ਪੱਚੀ ਹਜ਼ਾਰ ਰੁਪਏ ਮਹੀਨਾ ਦਿੱਤਾ ਜਾਵੇ। ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜਦੋਂ ਤਕ ਪਰਿਵਾਰ ਨੂੰ ਸਹਾਇਤਾ ਮਿਲਣ ਦੇ ਨਾਲ-ਨਾਲ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ, ਉਦੋਂ ਤਕ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਭਲਕੇ ਤੋਂ ਥਾਣੇ ਦੇ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ।

ਪੁਲਿਸ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰਿਆ

ਮਾਮਲੇ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਭੂਤਗੜ੍ਹ ਵਾਸੀ ਬੀਰਬਲ ਸਿੰਘ ਦੀ ਬੀਤੀ ਸ਼ਾਮ ਅਚਾਨਕ ਤਬੀਅਤ ਵਿਗੜ ਗਈ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ ਪਰ ਉਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਪਰਿਵਾਰ ਵੱਲੋਂ ਲਾਏ ਨਾਜਾਇਜ਼ ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰ ਦਿੱਤਾ।