ਸੀਨੀਅਰ ਰਿਪੋਰਟਰ, ਪਟਿਆਲਾ : ਕੇਂਦਰੀ ਜੇਲ੍ਹ ਵਿਚ ਪੁਖਤਾ ਪ੍ਰਬੰਧਾਂ ਦੇ ਬਾਵਜੂਦ ਸ਼ਾਤਿਰ ਦਿਮਾਗ ਕੈਦੀਆਂ ਵਲੋਂ ਆਏ ਦਿਨ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੇ ਦਿਨ ਹਵਾਲਾਤੀਆਂ ਨੇ ਲੋਹੇ ਦੀਆਂ ਪੱਤੀਆਂ ਤੇ ਸਰੀਏ ਨੂੰ ਹਥਿਆਰ ਬਣਾਉਂਦਿਆਂ ਇਕ ਹਵਾਲਾਤੀ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਵਾਲਾਤੀ ਬਲਜਿੰਦਰ ਸਿੰਘ ਨੂੰ ਜੇਲ੍ਹ ਵਿਚ ਹੀ ਘੇਰ ਕੇ ਤੇਜ਼ਧਾਰ ਲੋਹੇ ਦੀਆਂ ਪੱਤੀਆਂ ਤੇ ਸਰੀਏ ਨਾਲ ਸਿਰ, ਛਾਤੀ ਤੇ ਮੂੰਹ ’ਤੇ ਕਈ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ।

ਹਵਾਲਾਤੀ ਬਲਜਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਹੈ ਕਿ ਚਾਰ ਅਗਸਤ ਦੁਪਹਿਰ ਚਾਰ ਵਜੇ ਉਹ ਬੈਰਕ ਨੰਬਰ ਦੋ ਗੇਟ ਕੋਲ ਜਾ ਰਿਹਾ ਸੀ। ਇਥੇ ਕੁਝ ਹੋਰ ਹਵਾਲਾਤੀ ਖੜੇ ਸਨ, ਜਿਨਾਂ ਵਿਚੋਂ ਹਵਾਲਾਤੀ ਨਵਪ੍ਰੀਤ ਸਿੰਘ ਨੇ ਬਲਜਿੰਦਰ ਸਿੰਘ ਨੇ ਗਾਲੀ ਗਲੋਚ ਕੀਤਾ ਤੇ ਹੱਥ ਵਿੱਚ ਫੜ੍ਹੀ ਨੁਕੀਲੀ ਲੋਹੇ ਦੀ ਪੱਤੀ ਨਾਲ ਸਿਰ ’ਤੇ ਜਾਨਲੇਵਾ ਹਮਲਾ ਕੀਤਾ। ਹਵਾਲਾਤੀ ਰੋਹਿਤ ਨੇ ਬਲਜਿੰਦਰ 'ਤੇ ਸਰੀਏ ਨਾਲ ਮੂੰਹ ’ਤੇ ਵਾਰ ਕੀਤਾ ਅਤੇ ਹਵਾਲਾਤੀ ਬੁੱਧ ਸਿੰਘ ਨੇ ਲੋਹੇ ਦੀ ਤਿੱਖੀ ਪੱਤੀ ਛਾਤੀ ’ਤੇ ਮਾਰੀ। ਇਸ ਕਰਕੇ ਗੰਭੀਰ ਜ਼ਖ਼ਮੀ ਹੋਏ ਹਵਾਲਾਤੀ ਬਲਜਿੰਦਰ ਸਿੰਘ ਨੂੰ ਜੇਲ੍ਹ ਸਟਾਫ ਵਲੋਂ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ। ਇਲਾਜ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਹੈ। ਥਾਣਾ ਤਿ੍ਰਪੜੀ ਪੁਲਿਸ ਨੇ ਹਵਾਲਾਤੀ ਨਵਪ੍ਰੀਤ ਸਿੰਘ, ਰੋਹਿਤ, ਬੁੱਧ ਸਿੰਘ ਅਤੇ ਤੇਜਪਾਲ ਖਿਲਾਫ ਮਾਮਲਾ ਦਰਜ ਕੀਤਾ ਹੈ।

Posted By: Tejinder Thind