ਜਗਨਾਰ ਸਿੰਘ ਦੁਲੱਦੀ, ਨਾਭਾ : ਨਾਭਾ ਦੇ ਪਟਿਆਲਾ ਗੇਟ ਵਿਖੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇਕ ਟਰੱਕ 'ਚ ਚਾਲਕ ਦੀ ਲਾਸ਼ ਪਈ ਮਿਲੀ। ਉਸ ਦੀ ਪਛਾਣ ਗੁਰਪ੍ਰਰੀਤ ਸਿੰਘ ਪਿੰਡ ਕਟਾਲਾ ਜ਼ਿਲ੍ਹਾ ਸਮਰਾਲਾ ਵਜੋਂ ਹੋਈ ਹੈ। ਗੁਰਪ੍ਰਰੀਤ ਸਿੰਘ ਤਿੰਨ ਦਿਨ ਪਹਿਲਾਂ ਗਾਜੀਆਬਾਦ ਤੋਂ ਸਕਰੈਪ ਭਰ ਕੇ ਰਵਾਨਾ ਹੋਇਆ ਸੀ। ਉਸ ਨੇ ਗੋਬਿੰਦਗੜ੍ਹ ਵਿਖੇ ਇਹ ਸਕਰੈਪ ਲਾਹੁਣੀ ਸੀ ਪਰ ਇਹ ਨਾਭਾ ਕਿਵੇਂ ਪਹੁੰਚਿਆ, ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੋ ਸਕੀ। ਇਸ ਦੇ ਨਾਲ ਇਕ ਕੰਡਕਟਰ ਵੀ ਦੱਸਿਆ ਜਾ ਰਿਹਾ ਹੈ, ਉਹ ਵੀ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ ਹੈ।

ਮੌਕੇ 'ਤੇ ਪਹੁੰਚੇ ਮਿ੍ਤਕ ਗੁਰਪ੍ਰਰੀਤ ਸਿੰਘ ਦੇ ਪਿਤਾ ਅਤੇ ਰਿਸ਼ਤੇਦਾਰ ਨੇ ਕਿਹਾ ਕਿ ਗੁਰਪ੍ਰਰੀਤ ਸਿੰਘ ਤਿੰਨ ਦਿਨ ਪਹਿਲਾਂ ਸਰਹਿੰਦ ਤੋਂ ਸਾਡੇ ਨਾਲ ਸੀ ਅਤੇ ਬਾਅਦ 'ਚ ਇਹ ਅੱਗੇ ਲੰਘ ਗਿਆ। ਉਸ ਦਾ ਮੋਬਾਈਲ ਸਵਿੱਚ ਆਫ ਹੋ ਗਿਆ। ਉਪਰੰਤ ਉਸ ਦੀ ਲਾਸ਼ ਮਿਲੀ ਹੈ। ਉਨ੍ਹਾਂ ਨੇ ਸ਼ੱਕ ਪ੍ਰਗਟਾਇਆ ਕਿ ਗੁਰਪ੍ਰਰੀਤ ਸਿੰਘ ਦਾ ਕਿਸੇ ਨੇ ਕਤਲ ਕੀਤਾ ਹੈ। ਗੁਰਪ੍ਰਰੀਤ ਸਿੰਘ ਦੇ ਪਰਿਵਾਰ ਨੇ ਜਦੋਂ ਉਸ ਦਾ ਬਟੂਆ ਵੇਖਿਆ ਤਾਂ ਉਸ 'ਚੋਂ ਪੈਸੇ, ਲਾਇਸੈਂਸ ਜਾਂ ਕਾਗਜ਼ਾਤ ਗਾਇਬ ਮਿਲੇ।

ਥਾਣਾ ਕੋਤਵਾਲੀ ਦੇ ਇੰਚਾਰਜ ਐੱਸਐੱਚਓ ਸੁਰਿੰਦਰ ਭੱਲਾ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਆਰੰਭ ਦਿੱਤੀ। ਐੱਸਐੱਚਓ ਕੋਤਵਾਲੀ ਨੇ ਕਿਹਾ ਕਿ ਵੱਖ-ਵੱਖ ਪੱਖਾਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਲਾਸ਼ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਮਿਲਿਆ, ਫਿਰ ਵੀ ਪੋਸਟਮਾਰਟਮ ਕਰਵਾ ਰਹੇ ਹਾਂ। ਉਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।