ਪੱਤਰ ਪ੍ਰਰੇਰਕ, ਰਾਜਪੁਰਾ : ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਪਿੰਡ ਸੈਦਖੇੜੀ ਨੂੰ ਜਾਂਦੀ ਸੜਕ ਕਿਨਾਰੇ ਛੱਪੜ 'ਚੋਂ ਮਿਲੀ ਇਕ 14 ਸਾਲਾ ਲੜਕੇ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਪੁਲਿਸ ਨੇ ਉਸ ਦਾ ਕਤਲ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਮਿ੍ਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਅਛਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਖੇੜੀ ਗੰਡਿਆ ਪੁਲਿਸ ਕੋਲ ਕੱਲੂ ਸ਼ਰਮਾ ਵਾਸੀ ਪਿੰਡ ਜਰਾਓ ਜ਼ਿਲ੍ਹਾ ਸਜਾਨਪੁਰ ਯੂਪੀ ਹਾਲ ਤਰਲੋਕ ਸਿੰਘ ਬੈਂਕ ਸਾਈਡ ਦੁੱਗਲ ਬਾਬਾ ਸ਼ਹੀਦ ਊਧਮ ਸਿੰਘ ਕਲੌਨੀ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਲੜਕਾ ਅਨੁਜ (14) ਇਹ ਕਹਿ ਕੇ ਘਰ ਤੋਂ ਚਲਾ ਗਿਆ ਕਿ ਉਸ ਦੇ ਦੋਸਤਾਂ ਨੇ ਬੁਲਾਇਆ ਹੈ। ਇਸ 'ਤੇ ਕਿਸੇ ਰਾਹਗੀਰ ਨੇ ਥਾਣਾ ਖੇੜੀ ਗੰਡਿਆ ਪੁਲਿਸ ਨੂੰ ਸੂਚਨਾ ਦਿੱਤੀ ਕਿ ਪਿੰਡ ਭੱਦਕ ਪੈਟਰੋਲ ਪੰਪ ਦੇ ਨਾਲ ਪਿੰਡ ਸੈਦਖੇੜੀ ਲਿੰਕ ਸੜਕ ਦੇ ਨਾਲ ਲੱਗਦੇ ਟੋਭੇ 'ਚ ਇਕ ਲਾਸ਼ ਪਈ ਹੈ। ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਲਾਸ਼ ਕੱਲੂ ਸ਼ਰਮਾ ਦੇ ਲੜਕੇ ਅਨੁਜ ਦੀ ਸੀ। ਮਿ੍ਤਕ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ ਤੇ ਜਿਸ ਤੋਂ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮਿ੍ਤਕ ਅਨੁਜ ਦਾ ਕਿਸੇ ਵੱਲੋਂ ਕਤਲ ਕਰਕੇ ਲਾਸ਼ ਛੱਪੜ 'ਚ ਸੁੱਟ ਦਿੱਤੀ ਹੈ। ਥਾਣਾ ਖੇੜੀ ਗੰਡਿਆ ਦੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਲਿਆਂਦਾ ਗਿਆ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।