ਪੱਤਰ ਪੇ੍ਰਰਕ, ਪਟਿਆਲਾ

ਮੈਡੀਕਲ ਦੀ ਪੜ੍ਹਾਈ ਕਰ ਰਹੇ ਡਾਕਟਰ ਵਿਦਿਆਰਥੀਆਂ ਲਈ ਮਨੁੱਖੀ ਸ਼ਰੀਰ ਦੀ ਹੋਂਦ ਲਈ ਮਿਸ਼ਨਰੀ ਕਾਰਕੁੰਨ ਸੁਖਦੀਪ ਸਿੰਘ ਸੋਹਲ, ਰਣਜੀਤ ਨਗਰ ਪਟਿਆਲਾ ਨੇ ਆਪਣੇ ਪਿਤਾ ਸਵ. ਆਨਰੇਰੀ ਕੈਪਟਨ ਲਾਭ ਸਿੰਘ ਸੋਹਲ (ਏਆਈਜੀ) ਦੀ ਮਿ੍ਤਕ ਦੇਹ ਨੂੰ ਮੈਡੀਕਲ ਕਾਲਜ ਪਟਿਆਲਾ ਦੇ ਅਟੋਨੋਮੀ ਵਿਭਾਗ ਨੂੰ ਦਾਨ ਕਰ ਦਿੱਤਾ ਹੈ। ਇਸ ਮੌਕੇ ਸਵ. ਸੋਹਲ ਦੀਆਂ ਪੁੱਤਰੀਆਂ ਜਸਬੀਰ ਕੌਰ ਤੇ ਪਰਮਜੀਤ ਕੌਰ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸੁਖਦੀਪ ਸਿੰਘ ਸੋਹਲ ਮਿਸ਼ਨ ਲਾਲੀ ਤੇ ਹਰਿਆਲੀ ਨਾਲ ਜੁੜੇ ਹੋਣ ਕਾਰਨ ਮਿਸ਼ਨ ਦੇ ਮੋਢੀ ਹਰਦੀਪ ਸਿੰਘ ਸਨੌਰ ਦੀ ਪੇ੍ਰਰਣਾ ਸਦਕਾ ਆਪਣੇ ਪਿਤਾ ਦੀ ਮਿ੍ਤਕ ਦੇਹ ਦਾਨ ਕੀਤੀ ਹੈ। ਸੁਖਦੀਪ ਸਿੰਘ ਸੋਹਲ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਸਵ. ਨਰਿੰਦਰਜੀਤ ਕੌਰ ਸਾਲ 2006 ਵਿਚ ਅਕਾਲ ਚਲਾਣਾ ਕਰ ਗਏ ਸਨ, ਫਿਰ ਉਹ ਖੂਨਦਾਨ ਸੇਵਾ ਨਾਲ ਜੁੜ ਗਏ ਅਤੇ 48 ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਅਨੇਕਾਂ ਹੀ ਖੂਨਦਾਨ ਕੈਂਪਾਂ ਦਾ ਸੰਚਾਲਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਤਾ ਜੀ ਦੀ ਅੰਤਿਮ ਅਰਦਾਸ ਭੋਗ ਸਮਾਗਮ ਮੌਕੇ ਮਨੁੱਖਤਾ ਦੇ ਭਲੇ ਲਈ 4 ਜੂਨ ਦਿਨ ਐਤਵਾਰ ਨੂੰ ਰਣਜੀਤ ਨਗਰ, ਪਟਿਆਲਾ ਵਿਖੇ ਸਵੇਰੇ 10 ਤੋਂ 1 ਵਜੇ ਤਕ ਖੂਨਦਾਨ ਕੈਂਪ ਲਗਾਇਆ ਜਾਵੇਗਾ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮਿਲ ਸਕੇ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਮਨੁੱਖੀ ਸਰੀਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ 'ਚ ਰਿਸ਼ਤੇਦਾਰ ਤੇ ਸੱਜਣ ਪਹੁੰਚੇ ਹੋਏ ਸਨ, ਜਿਨ੍ਹਾਂ ਵਿਚ ਜਥੇਦਾਰ ਕਰਨ ਸਿੰਘ ਜੌਲੀ, ਠੇਕੇਦਾਰ ਗੁਰਬਚਨ ਸਿੰਘ, ਸੰਦੀਪ ਥਾਪਰ, ਅਵਤਾਰ ਸਿੰਘ, ਮਨਜੀਤ ਸਿੰਘ, ਹਰੀਸ਼ ਪਟਿਆਲਵੀ, ਸੰਦੀਪ ਸਿੰਘ ਤੇ ਵਿਕਰਮਜੀਤ ਸਿੰਘ ਧੀਮਾਨ ਸ਼ਾਮਲ ਸਨ।