ਸੀਨੀਅਰ ਰਿਪੋਰਟਰ, ਪਟਿਆਲਾ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈ ਜਾ ਰਹੀ ਆਈਸੀਡੀਐੱਸ ਸਕੀਮ ਤੇ ਪੀਐੱਮਐੱਮਵੀਵਾਈ ਸਕੀਮ ਦਾ ਜ਼ਿਲ੍ਹੇ ਦੇ 90 ਹਜ਼ਾਰ ਤੋਂ ਵਧੇਰੇ ਬੱਚਿਆਂ ਅਤੇ ਅੌਰਤਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਪੋ੍ਗਰਾਮ ਅਫ਼ਸਰ ਨਰੇਸ਼ ਕੁਮਾਰ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਭਾਗ ਦੇ ਕੰਮਕਾਰ ਸਬੰਧੀ ਕੀਤੀ ਸਮੀਖਿਆ ਮੀਟਿੰਗ ਦੌਰਾਨ ਕੀਤਾ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇ, ਤਾਂ ਜੋ ਗਰਭਵਤੀ ਮਾਵਾਂ ਤੇ ਛੋਟੇ ਬੱਚਿਆਂ ਨੂੰ ਸਮੇਂ ਸਿਰ ਪੌਸ਼ਟਿਕ ਆਹਾਰ ਮੁਹੱਈਆ ਕਰਵਾਇਆ ਜਾ ਸਕੇ।

ਇਸ ਮੌਕੇ ਜ਼ਿਲ੍ਹਾ ਪੋ੍ਗਰਾਮ ਅਫ਼ਸਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਦੀ ਰਹਿਨੁਮਾਈ ਹੇਠ ਸੰਗਠਿਤ ਬਾਲ ਵਿਕਾਸ ਸੇਵਾਵਾਂ (ਆਈਸੀਡੀਐੱਸ ਸਕੀਮ) ਅਧੀਨ 6 ਮਹੀਨੇ ਤੋਂ 6 ਸਾਲ ਤਕ ਬੱਚਿਆਂ, ਗਰਭਵਤੀ ਅੌਰਤਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਨੂੰ ਸੇਵਾਵਾਂ ਪੂਰਕ ਪੋਸ਼ਣ ਆਹਾਰ, ਟੀਕਾਕਰਨ, ਸਿਹਤ ਜਾਂਚ-ਪੜਤਾਲ, ਨਿਊਟ੍ਰੀਸ਼ਨ ਤੇ ਸਿਹਤ ਸਬੰਧੀ ਸਿੱਖਿਆ ਪੂਰਵ ਸਕੂਲ ਸਿੱਖਿਆ ਤੇ ਰੈਫਰਲ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਸਪਲੀਮੈਂਟਰੀ ਨਿਊਟ੍ਰੀਸ਼ਨ ਪੋ੍ਗਰਾਮ ਸਕੀਮ ਅਧੀਨ ਜ਼ਿਲ੍ਹਾ ਪਟਿਆਲਾ 'ਚ 6 ਮਹੀਨੇ ਤੋਂ 3 ਸਾਲ ਤੱਕ ਦੇ 43121, 3 ਤੋਂ 6 ਸਾਲ ਤੱਕ ਦੇ 23425, ਗਰਭਵਤੀ ਮਾਵਾਂ 7135 ਤੇ ਨਰਸਿੰਗ ਮਾਵਾਂ 9997 ਆਦਿ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾ ਰਿਹਾ ਹੈ।

ਜ਼ਿਲ੍ਹਾ ਪੋ੍ਗਰਾਮ ਅਫ਼ਸਰ ਨੇ ਦੱਸਿਆ ਕਿ ਮਾਵਾਂ ਤੇ ਬੱਚਿਆਂ ਨੂੰ ਪੌਸ਼ਟਿਕ ਆਹਾਰ ਦੇਣ ਲਈ ਵਿਭਾਗ ਵੱਲੋਂ 2 ਕਰੋੜ 19 ਲੱਖ 13 ਹਜ਼ਾਰ 506 ਰੁਪਏ ਦੀ ਕਣਕ, ਚਾਵਲ, ਚੀਨੀ, ਪੰਜੀਰੀ, ਵੀਟ ਫਲੋਰ, ਖਿਚੜੀ, ਦਲੀਆ, ਨਮਕ, ਮੁਰਮਰਾ, ਬੇਸਣ, ਿਘਓ ਆਦਿ ਦੀ ਖ਼ਰੀਦ ਕਰ ਕੇ ਵੰਡ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ 5615 ਗਰਭਵਤੀ ਅੌਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਛੋਟੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ 'ਚ ਸੁਧਾਰ ਲਿਆਉਣ ਲਈ 10 ਲੱਖ ਤੋਂ ਵਧੇਰੇ ਦੀ ਰਾਸ਼ੀ ਦਾ ਸਾਮਾਨ ਵੰਡਿਆ ਗਿਆ ਹੈ।