ਪੱਤਰ ਪੇ੍ਰਰਕ, ਰਾਜਪੁਰਾ : ਥਾਣਾ ਸਿਟੀ ਪੁਲਿਸ ਨੇ ਰਾਤ ਸਮੇਂ ਟਾਹਲੀ ਵਾਲਾ ਚੌਕ ਨੇੜੇ ਡਿਊਟੀ ਦੇ ਰਹੇ 2 ਪੁਲਿਸ ਮੁਲਾਜ਼ਮਾਂ ਦੀ ਹੁੱਲੜਬਾਜ਼ੀ ਕਰ ਰਹੇ 2 ਨੌਜਵਾਨਾਂ ਵੱਲੋਂ ਕੁੱਟਮਾਰ ਕਰਨ ਤੇ ਵਰਦੀ ਪਾੜਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

ਥਾਣਾ ਸਿਟੀ ਪੁਲਿਸ ਕੋਲ ਥਾਣਾ ਸਿਟੀ ਰਾਜਪੁਰਾ ਦੇ ਕੁਲਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸ ਦੇ ਨਾਲ ਰਾਤ ਸਮੇਂ ਹੌਲਦਾਰ ਅਮਰਿੰਦਰ ਸਿੰਘ ਤੇ ਸਿਪਾਹੀ ਯਾਦਵਿੰਦਰ ਸਿੰਘ ਟਾਹਲੀ ਵਾਲਾ ਚੌਕ ਵਿਚਕਾਰ ਡਿਊਟੀ ਦੇ ਰਹੇ ਸਨ। ਇਸ ਸਮੇਂ ਦੌਰਾਨ ਕੁਝ ਦੂਰੀ 'ਤੇ ਨਾਰਾਇਣ ਮੱਛੀ ਦੀ ਰੇਹੜੀ ਨੇੜੇ ਕੁਝ ਵਿਅਕਤੀ ਹੁਲੜਬਾਜ਼ੀ ਕਰ ਰਹੇ ਸਨ ਤਾਂ ਜਦੋਂ ਸਾਡੇ ਵੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਨੌਜਵਾਨ ਸਤਨਾਮ ਸਿੰਘ ਵਾਸੀ ਮੰਡਿਆਣਾ ਅਤੇ ਮਨਿੰਦਰ ਸਿੰਘ ਵਾਸੀ ਪਿੰਡ ਪਿਲਖਣੀ ਉਨ੍ਹਾਂ ਨਾਲ ਬਹਿਸ ਕਰਨ ਲੱਗ ਪਏ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸਿਪਾਹੀ ਯਾਦਵਿੰਦਰ ਸਿੰਘ ਦੀ ਵਰਦੀ ਤਕ ਪਾੜ ਦਿੱਤੀ ਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ 'ਚ ਰੁਕਾਵਟ ਪਾਈ। ਮੁਲਜ਼ਮਾਂ ਨੇ ਹੌਲਦਾਰ ਅਮਰਿੰਦਰ ਸਿੰਘ ਤੇ ਸਿਪਾਹੀ ਯਾਦਵਿੰਦਰ ਸਿੰਘ ਦੇ ਸੱਟਾਂ ਮਾਰੀਆਂ, ਜੋ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ਼ ਅਧੀਨ ਦਾਖਲ ਹਨ। ਥਾਣਾ ਸਿਟੀ ਪੁਲਿਸ ਨੇ ਉਕਤ ਮਾਮਲੇ 'ਚ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।