ਐੱਚਐੱਸ ਸੈਣੀ, ਰਾਜਪੁਰਾ

ਰਾਜਪੁਰਾ 'ਚ ਚੋਰੀ ਦੀਆਂ ਘਟਨਾਵਾਂ 'ਚ ਦਿਨ ਪ੍ਰਤੀ ਦਿਨ ਹੋਏ ਵਾਧੇ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇੰਨਾ ਹੀ ਨਹੀਂ ਚੋਰ ਦਿਨ ਸਮੇਂ ਮੰਦਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਵੀ ਨਹੀ ਡਰ ਰਹੇ। ਜਾਣਕਾਰੀ ਦੇ ਅਨੁਸਾਰ ਓਵਰ ਬਿ੍ਜ ਦੇ ਥੱਲੇ ਪੁਰਾਣਾ ਰੇਲਵੇ ਫਾਟਕਾਂ ਨੇੜੇ ਮਾਰਕੀਟ ਵਿਚ ਬਣੀਆਂ ਦੁਕਾਨਾਂ 'ਚ ਚੋਰੀ ਦਾ ਸਿਲਸਿਲਾ ਜਾਰੀ ਹੈ। ਬੀਤੀ ਰਾਤ ਚੋਰ ਮੁੜ ਤੋਂ ਚੋਰੀ ਕਰਨ ਦੀ ਨੀਯਤ ਨਾਲ ਆਏ ਪਰ ਦੁਕਾਨਦਾਰਾਂ ਦੁਆਰਾ ਦਿੱਤੇ ਪਹਿਰੇ ਨੂੰ ਦੇਖ ਕੇ ਫ਼ਰਾਰ ਹੋ ਗਏ।

ਦੁਕਾਨਦਾਰਾਂ ਨੇ ਦੱਸਿਆ ਕਿ ਚੋਰਾਂ ਨੇ ਕੱਝ ਦਿਨ ਪਹਿਲਾਂ ਮਨੋਜ ਕਰਿਆਣਾ ਸਟੋਰ ਵਿਚੋਂ 2 ਕੱਟੇ ਚੀਨੀ, ਨੰਦ ਕਰਿਆਣਾ ਸਟੋਰ ਤੋਂ 4 ਟੀਨ ਰਿਫਾਈਂਡ, ਰਾਜ ਕੁਮਾਰ ਗਾਰਮੈਂਟਸ ਦੀ ਦੁਕਾਨ ਤੋਂ 20 ਜੀਨਸ ਪੈਂਟ ਤੇ ਹੋਰ ਸਾਮਾਨ, ਬਬਲੀ ਕਨਫੈਕਸ਼ਨਰੀ ਸਟੋਰ ਤੋਂ ਚਾਕਲੇਟ ਤੇ ਹੋਰ ਸਾਮਾਨ ਚੋਰੀ ਕਰ ਲਿਆ ਸੀ। ਦੁਕਾਨਦਾਰਾਂ ਨੇ ਦੱਸਿਆ ਕਿ ਚੋਰਾਂ ਦਾ ਇੰਨਾ ਖ਼ੌਫ਼ ਹੈ ਕਿ ਦੁਕਾਨਦਾਰਾਂ ਵੱਲੋਂ ਰੱਖੇ ਚੌਕੀਦਾਰ ਨਾਲ ਕੁੱਟਮਾਰ ਕਰਨ ਤੋਂ ਇਲਾਵਾ ਡਰਾ ਧਮਕਾ ਕੇ ਭਜਾ ਦਿੱਤਾ ਗਿਆ। ਇਸ ਸਬੰਧੀ ਸਬੰਧਤ ਥਾਣਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਰਾਜਪੁਰਾ ਟਾਊਨ ਦੀ ਗਾਂਧੀ ਕਾਲੋਨੀ ਵਿਚ ਸਥਿਤ ਸ਼ੀਤਲਾ ਸ਼ਿਵ ਮੰਦਰ ਵਿਚ ਦਿਨ ਦਿਹਾੜੇ ਕਰੀਬ 2 ਵਜੇ ਇਕ ਵਿਅਕਤੀ ਜਿਸ ਨੇ ਸਿਰ 'ਤੇ ਟੋਪੀ ਅਤੇ ਮੰੂਹ 'ਤੇ ਮਫਰਲ ਬੰਨਿਆ ਹੋਇਆ ਸੀ, ਨੇ ਮੰਦਰ ਵਿਚੋਂ ਸ਼ਿਵਿਲੰਗ ਵਿੱਚ ਰੱਖਿਆ ਚਾਂਦੀ ਦਾ ਸੱਪ ਚੋਰੀ ਕਰ ਕੇ ਲੈ ਗਿਆ। ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ।