ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ : ਬਾਬਾ ਰਾਮਦੇਵ ਦੀ ਦੇਸੀ ਦਵਾਈਆਂ ਬਣਾਉਣ ਲਈ ਦੇਸ਼ ਭਰ 'ਚ ਮਸ਼ਹੂਰ ਕੰਪਨੀ ਪਤੰਜਲੀ ਦੇ ਨਾਮ 'ਤੇ ਸੋਸ਼ਲ ਮੀਡੀਆ 'ਤੇ ਠੱਗੀ ਮਾਰਨ ਵਾਲਾ ਗਿਰੋਹ ਸਰਗਰਮ ਹੈ। ਇਸੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਦੇ ਵਾਰਡ-2 ਵਾਸੀ ਰਾਜ ਕੁਮਾਰ ਨੇ ਦੱਸਿਆ ਕਿ ਉਸ ਦਾ ਪਿਤਾ ਗਿਆਨ ਚੰਦ ਬੀਮਾਰੀ ਤੋਂ ਪੀੜਤ ਸੀ, ਜਿਸ ਦਾ ਇਲਾਜ ਉਸ ਨੇ ਵੱਖ-ਵੱਖ ਥਾਵਾਂ ਤੋਂ ਕਰਵਾਇਆ ਪਰ ਕੋਈ ਆਰਾਮ ਨਾ ਆਉਣ ਕਰ ਕੇ ਉਸ ਨੇ ਪਤੰਜਲੀ ਯੋਗ ਪੀਠ ਤੋਂ ਕਰਵਾਉਣ ਦਾ ਫੈਸਲਾ ਲਿਆ, ਜਿਸ 'ਚ ਉਸ ਨੇ ਆਨਲਾਈਨ ਬੁਕਿੰਗ ਕਰਵਾਉਣ ਲਈ ਦੇਖਿਆ ਤਾਂ ਉਸ ਨੂੰ ਇੰਟਰਨੈੱਟ 'ਤੇ ਮਿਲੇ ਮੋਬਾਈਲ ਨੰਬਰ 'ਤੇ ਕਾਲ ਕਰਨ ਤੇ ਸਬੰਧਤ ਵਿਅਕਤੀ ਨੇ ਮੈਡੀਕਲ ਰਿਪੋਰਟਾਂ ਭੇਜਣ ਲਈ ਕਿਹਾ। ਇਸ ਉਪਰੰਤ ਸਬੰਧਤ ਵਿਅਕਤੀ ਜੋ ਆਪਣੇ-ਆਪ ਨੂੰ ਡਾਕਟਰ ਦੱਸ ਰਿਹਾ ਸੀ, ਨੇ ਕਾਲ ਕੀਤੀ ਕਿ ਮਰੀਜ਼ ਦਾ ਇਲਾਜ ਪਤੰਜਲੀ ਯੋਗ ਪੀਠ 'ਚ ਹੋ ਜਾਵੇਗਾ। ਇਸ ਲਈ ਉਸ ਨੇ ਚਾਲੀ ਹਜ਼ਾਰ ਰੁਪਏ ਭੇਜਣ ਲਈ ਕਿਹਾ ਤੇ ਪੀਠ ਦੀ ਲੈਟਰਪੈਡ 'ਤੇ ਪੂਰੀ ਡਿਟੇਲ ਬਣਾ ਕੇ ਭੇਜ ਦਿੱਤੀ। ਉਸ ਨੇ 15 ਹਜ਼ਾਰ ਰੁਪਏ ਮਿਤੀ 22 ਨਵੰਬਰ ਅਤੇ 25 ਹਜ਼ਾਰ ਰੁਪਏ 23 ਨਵੰਬਰ ਨੂੰ ਵੱਖ-ਵੱਖ ਖਾਤਿਆਂ ਵਿਚ ਭੇਜ ਦਿੱਤੀ। ਉਪਰੰਤ 24 ਨਵੰਬਰ ਜਦ ਉਹ ਆਪਣੇ ਪਿਤਾ ਨੂੰ ਲੈ ਕੇ ਹਰਿਦੁਆਰ ਪੁੱਜਿਆ ਤਾਂ ਉਥੇ ਹਾਜ਼ਰ ਮੁਲਾਜ਼ਮਾਂ ਨੇ ਚੈੱਕ ਕਰਨ ਉਪਰੰਤ ਕਿਹਾ ਕਿ ਉੱਥੇ ਉਨਾਂ੍ਹ ਦੀ ਕੋਈ ਬੁਕਿੰਗ ਨਹੀਂ। ਰਸੀਦਾਂ ਦਿਖਾਉਣ 'ਤੇ ਉਨਾਂ੍ਹ ਕਿਹਾ ਕਿ ਤੁਹਾਡੇ ਨਾਲ ਠੱਗੀ ਲੱਗੀ ਹੈ। ਉਨਾਂ੍ਹ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਿ ਹੋਰ ਲੋਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕੇ।