ਭਾਰਤ ਭੁਸ਼ਣ ਗੋਇਲ, ਸਮਾਣਾ

ਐਤਵਾਰ ਸਵੇਰੇ ਨਰਵਾਣਾ ਰੋਡ ਪਾਤੜਾ ਵਿਖੇ ਮਾਲ ਦੇ ਭਰੇ ਟਰਾਲੇ ਵੱਲੋਂ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਕੁਚਲ ਦਿੱਤੇ ਜਾਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਥਾਣਾ ਸਮਾਣਾ ਪੁਲਿਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ। ਇਸ ਦੀ ਪੁਸ਼ਟੀ ਕਰਦਿਆਂ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਮਾਣਾ ਦੇ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪੁੱਤਰ ਗੁਰਦੀਪ ਸਿੰਘ ਵਾਸੀ ਕਾਹਨਗੜ੍ਹ ਘਰਾਚੋਂ ਵਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਪਿਤਾ ਜਗਰੂਪ ਸਿੰਘ (65) ਪੁੱਤਰ ਬਚਨ ਸਿੰਘ ਸਵੇਰੇ ਘਰੋਂ ਪੈਦਲ ਦਵਾਈ ਲੈਣ ਲਈ ਪਾਤੜਾ ਗਿਆ ਸੀ ਤੇ ਦਵਾਈ ਲੈਣ ਤੋਂ ਬਾਅਦ ਜਦੋਂ ਉਹ ਵਾਪਸ ਘਰ ਆ ਰਿਹਾ ਸੀ ਪਰ ਨਰਵਾਣਾ ਰੋਡ ਤੇ ਥਾਣੇ ਦੇ ਨਜ਼ਦੀਕ ਪਹੁੰਚਣ ਤੇ ਮਾਲ ਦੇ ਭਰੇ ਆ ਰਹੇ ਟਰਾਲੇ ਨੇ ਉਸ ਦੇ ਪਿਤਾ ਨੂੰ ਆਪਣੀ ਚਪੇਟ ਵਿਚ ਲੈ ਲਿਆ ਤੇ ਉਹ ਬੁਰੀ ਤਰ੍ਹਾ ਕੁੱਚਲ ਦਿੱਤਾ। ਜਿਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂਕਿ ਟਰਾਲਾ ਚਾਲਕ ਟਰਾਲਾ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਟਰਾਲਾ ਆਪਣੇ ਕਬਜੇ ਵਿਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਰੱਖਵਾ ਦਿੱਤਾ ਹੈ। ਪੁਲਿਸ ਵਲੋਂ ਫਰਾਰ ਟਰਾਲਾ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸੁਰੂ ਕਰ ਦਿੱਤੀ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ।