ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ : ਪਾਵਰਕਾਮ ਪਾਤੜਾਂ ਦੇ ਅਧਿਕਾਰੀਆਂ ਨੇ ਸ਼ਹਿਰ ਦੀਆਂ ਬਸਤੀਆਂ ਵਿਚ ਘਰਾਂ ਦੇ ਅੰਦਰ ਤੇ ਬਾਹਰ ਬਕਸਿਆਂ ਵਿਚਲੇ ਲੱਗੇ ਮੀਟਰਾਂ ਦੀ ਚੈਕਿੰਗ ਕਰਕੇ ਤਿੰਨ ਲੱਖ ਦੇ ਕਰੀਬ ਦੀ ਬਿਜਲੀ ਚੋਰੀ ਫੜੀ ਹੈ। ਬਿਜਲੀ ਚੋਰੀ ਕਰਨ ਵਾਲਿਆਂ ਵਿਚ ਪਾਵਰਕਾਮ ਦਾ ਸੇਵਾਮੁਕਤ ਐਕਸੀਅਨ ਵੀ ਸ਼ਾਮਿਲ ਹੈ, ਜਿਸ ਨੂੰ ਇਕ ਲੱਖ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ ਹੈ।

ਪਾਵਰਕਾਮ ਦੇ ਪਾਤੜਾਂ ਸ਼ਹਿਰੀ ਐੱਸਡੀਓ ਭਗਵਾਨ ਸ਼ਰਮਾ ਨੇ ਦੱਸਿਆ ਹੈ ਕਿ ਸ਼ਹਿਰ ਦੀਆਂ ਵੱਖ ਵੱਖ ਬਸਤੀਆਂ ਜਿਨ੍ਹਾਂ ਵਿਚ ਤੁਲਸੀ ਨਾਗਰ, ਰਾਜ ਕਲੋਨੀ ਸਾਗਰ ਬਸਤੀ ਆਦਿ ਵਿਚ ਪਾਵਰਕਾਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਵੱਲੋਂ ਬਿਜਲੀ ਦੇ ਘਰਾਂ ਵਿਚਲੇ ਬਾਹਰ ਕੱਢ ਕੇ ਬਕਸਿਆਂ 'ਚ ਲਾਏ ਹੋਏ ਮੀਟਰਾਂ ਦੀ ਚੈਕਿੰਗ ਕੀਤੀ ਗਈ। ਮੁਹੱਲੇ ਵਿਚ ਕੁਝ ਦੇਰ ਪਹਿਲਾਂ ਬਿਜਲੀ ਸਪਾਰਕ ਹੋਣ ਕਾਰਨ ਅੱਗ ਲੱਗ ਗਈ ਸੀ। ਮੁਹੱਲਾ ਵਾਸੀਆਂ ਦੇ ਕਹਿਣ 'ਤੇ ਬਿਜਲੀ ਕਰਮਚਾਰੀ ਮੀਟਰ ਘਰਾਂ ਤੋਂ ਬਾਹਰ ਕੱਢ ਕੇ ਬਾਹਰ ਬਕਸਿਆਂ ਵਿਚ ਲਾ ਰਹੇ ਸਨ।ਪਾਵਰਕਾਮ ਦੇ ਹੋਰ ਅਧਿਕਾਰੀਆਂ ਮੌਕੇ 'ਤੇ ਪਹੁੰਚੇ ਦੇਖਿਆ ਤਾਂ ਇਹ ਘਰ ਪਾਵਰਕਾਮ ਦੇ ਇੱਕ ਸੇਵਾ ਮੁਕਤ ਐਕਸੀਅਨ ਦਾ ਸੀ ਘਰ ਅੰਦਰ ਲੱਗੇ ਬਿਜਲੀ ਮੀਟਰ ਤੋਂ ਬਾਹਰ ਦੀ ਹੀ ਬਿਜਲੀ ਸਪਲਾਈ ਚਲਾ ਕੇ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਸੀ। ਬਿਜਲੀ ਅਧਿਕਾਰੀਆਂ ਨੇ ਉਸ ਨੂੰ 1 ਲੱਖ 16 ਹਜ਼ਾਰ ਰੁਪਏ ਜੁਰਮਾਨਾ ਅਤੇ 33 ਹਜ਼ਾਰ ਹੋਰ ਖਰਚੇ ਪਾਏ ਹਨ। ਉਨ੍ਹਾਂ ਦੱਸਿਆ ਹੈ ਕਿ ਹੋਰ ਬਸਤੀਆਂ ਵਿਚ ਕੀਤੀ ਚੈਕਿੰਗ ਦੌਰਾਨ ਚੋਰੀ ਦੇ ਚਾਰ ਮਾਮਲੇ ਸਾਹਮਣੇ ਆਏ, ਉਨ੍ਹਾਂ ਵਿਚੋਂ ਤਿੰਨ ਘਰਾਂ ਵਿਚ ਯੰਤਰ ਲਾ ਕੇ ਚੋਰੀ ਕੀਤੀ ਜਾ ਰਹੀ ਸੀ ਇਨ੍ਹਾਂ ਨੂੰ ਇਕ ਲੱਖ 80 ਹਜ਼ਾਰ ਦਾ ਜੁਰਮਾਨਾ ਕੀਤਾ ਗਿਆ ਹੈ। ਹਰਨਮਨ ਨਗਰ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਵਿਚਲੇ ਬਕਸਿਆਂ ਨੂੰ ਪਾਵਰਕਾਮ ਵਲੋਂ ਜਿੰਦਰੇ ਨਹੀਂ ਲਾਏ ਜਾਂਦੇ ਜਿਸ ਕਰਕੇ ਰਾਤ ਸਮੇਂ ਕੁਝ ਲੋਕ ਮੀਟਰਾਂ ਵਿਚ ਕੁੰਡੀਆਂ ਲਾ ਕੇ ਬਿਜਲੀ ਚੋਰੀ ਕਰਦੇ ਹਨ ਤੇ ਇਸ ਦਾ ਖਮਿਆਜਾ ਗਰੀਬ ਲੋਕਾਂ ਨੂੰ ਵੱਧ ਬਿੱਲ ਭਰਕੇ ਭੁਗਤਣਾ ਪੈਂਦਾ ਹੈ ਉਨ੍ਹਾਂ ਕਿਹਾ ਹੈ ਕਿ ਵਾਰ ਵਾਰ ਪਾਵਰਕਾਮ ਦੇ ਅਧਿਕਾਰੀਆਂ ਕੋਲ ਪਹੁੰਚ ਕਰਨ ਉਤੇ ਮਸਲਾ ਹੱਲ ਨਹੀਂ ਹੋ ਰਿਹਾ।

ਇਸ ਸਬੰਧੀ ਪਾਵਰਕਾਮ ਦੇ ਪਾਤੜਾਂ ਸ਼ਹਿਰੀ ਐਸਡੀਓ ਭਗਵਾਨ ਸ਼ਰਮਾ ਕਿਹਾ ਹੈ ਕਿ ਛੇਤੀ ਇਸ ਹੱਲ ਕੀਤਾ ਜਾਵੇਗਾ। ਪਾਵਰਕਾਮ ਦੇ ਪਾਤੜਾਂ ਦੇ ਐਕਸ਼ੀਅਨ ਐੱਨਕੇ ਜਿੰਦਲ ਕਿਹਾ ਕਿ ਬਿਜਲੀ ਦੇ ਚੋਰੀ ਕਰਨ ਵਾਲੇ ਵਿਅਕਤੀ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।