ਪੱਤਰ ਪ੍ਰੇਰਕ, ਰਾਜਪੁਰਾ : ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ, ਹਵਾਈ ਫਾਇਰ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ 'ਤੇ 4 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਸਿਟੀ ਪੁਲਿਸ ਕੋਲ ਮਨਿੰਦਰ ਸਿੰਘ ਵਾਸੀ ਮਹਿੰਦਰਗੰਜ਼ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਕਿ ਬੀਤੀ ਰਾਤ ਨੂੰ ਉਸਦੇ ਘਰ ਦੇ ਸਾਹਮਣੇ ਬਿਜਲੀ ਦੇ ਖੰਬੇ ਉੱਤੇ ਲੱਗੇ ਵਾਈਫਾਈ ਨੈੱਟ ਦੇ ਬਕਸੇ ਨੂੰ ਨੇੜਲੇ ਗੁਆਂਢੀ ਜਤਿਨ ਕੱਕੜ ਨੇ ਬੰਬ ਨਾਲ ਉੱਡਾ ਦਿੱਤਾ, ਜਿਸ 'ਤੇ ਜਦੋਂ ਉਸ ਨੇ ਕੰਪਨੀ ਨੂੰ ਨੈੱਟ ਠੀਕ ਕਰਨ ਦੇ ਲਈ ਫੋਨ ਕਰਕੇ ਸੱਦਿਆ ਤਾਂ ਉਸਨੇ ਕੰਪਨੀ ਦੇ ਕਰਮਚਾਰੀਆਂ ਨੂੰ ਇਸ ਨੁਕਸਾਨ ਸਬੰਧੀ ਗੁਆਂਢੀ ਦੀ ਗਲਤੀ ਬਾਰੇ ਦੱਸਿਆ, ਜਿਸ ਤੋਂ ਬਾਅਦ ਕਰਮਚਾਰੀਆਂ ਨੇ ਜਤਿਨ ਨੂੰ ਮੌਕੇ 'ਤੇ ਬੁਲਾ ਕੇ ਨੁਕਸਾਨ ਬਾਰੇ ਪੁਛਗਿੱਛ ਕਰਕੇ ਚਲੇ ਗਏ। ਇਸ ਤੋਂ ਬਾਅਦ ਜਤਿਨ ਕੱਕੜ ਆਪਣੇ 4 ਹੋਰ ਦੋਸਤਾਂ ਦੇ ਨਾਲ ਆਇਆ ਤੇ ਉਸਨੇ ਮੇਰੇ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਕੁੱਟਮਾਰ ਕਰਨ ਤੋਂ ਬਾਅਦ ਸੁਰਜੋਤ ਸਿੰਘ ਵਾਸੀ ਦਸ਼ਮੇਸ਼ ਕਲੋਨੀ ਰਾਜਪੁਰਾ ਨੇ ਰਿਵਾਲਵਰ ਦਾ ਹਵਾਈ ਫਾਇਰ ਵੀ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ 'ਚ ਥਾਣਾ ਸਿਟੀ ਪੁਲਿਸ ਨੇ ਉਕਤ ਮਾਮਲੇ ਵਿਚ 4 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ।