ਸਟਾਫ ਰਿਪੋਰਟਰ, ਪਟਿਆਲਾ : ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੇ ਵਾਰਸ ਵੀ ਇਸ ਬਿਮਾਰੀ ਦੀ ਲਪੇਟ ਵਿਚ ਆ ਰਹੇ ਹਨ। ਇਸ ਦਾ ਮੁੱਖ ਕਾਰਨ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਨਾ ਵਰਤਣਾ ਤੇ ਇਕੱਠ ਹੋਣਾ ਮੰਨਿਆ ਜਾ ਰਿਹਾ ਹੈ। ਹਾਲ ਹੀ ਵਿਚ ਹਸਪਤਾਲ ਦੇ ਬਾਹਰ ਮੌਜੂਦ ਵਾਰਸਾਂ ਦੇ ਮੈਡੀਕਲ ਟੀਮ ਵੱਲੋਂ ਪੁਲਿਸ ਦੀ ਅਗਵਾਈ ਵਿਚ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 15 ਫੀਸਦੀ ਲੋਕ ਕੋਰੋਨਾ ਪੀੜਤ ਪਾਏ ਗਏ ਹਨ।

ਰਜਿੰਦਰਾ ਹਸਪਤਾਲ ਦੀ ਪੁਲਿਸ ਚੌਕੀ ਦੀ ਸਹਾਇਤਾ ਨਾਲ ਕੋਵਿਡ ਵਾਰਡ ਦੇ ਬਾਹਰ ਇਕੱਠੇ ਹੋਏ ਲੋਕਾਂ ਦੇ ਤਿੰਨ ਦਿਨਾਂ ਤਕ ਲਗਾਤਾਰ ਟੈਸਟ ਕਰਵਾਏ ਗਏ। ਇਨ੍ਹਾਂ ਤਿੰਨ ਦਿਨਾਂ ਦੌਰਾਨ 85 ਵਿਅਕਤੀਆਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਵਿਚੋਂ 13 ਜਣੇ ਕੋਰੋਨਾ ਪੀੜਤ ਪਾਏ ਗਏ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਲਈ ਟੈਸਟ ਕੀਤਾ ਗਿਆ ਹੈ, ਕਿਉਂਕਿ ਇਹ ਲੋਕ ਜਦੋਂ ਕੋਵਿਡ ਦੇ ਮਰੀਜ਼ਾਂ ਦੇ ਦਾਖਲੇ ਲਈ ਆਉਂਦੇ ਹਨ ਤਾਂ ਉਨ੍ਹਾਂ ਦੇ ਸੰਪਰਕ ਵਿਚ ਹੀ ਹੁੰਦੇ ਹਨ ਤੇ ਪਾਜ਼ੇਟਿਵ ਹੋਣ ਦੀ ਸੰਭਾਵਨਾ ਹੁੰਦੀ ਹੈ। ਵਾਰਡ ਦੇ ਬਾਹਰ ਲੋਕਾਂ ਦਾ ਇਕੱਠ ਵੀ ਲੱਗਿਆ ਰਹਿੰਦਾ ਹੈ ਤੇ ਸਰੀਰਕ ਦੂਰੀ ਦੇ ਨਾਲ ਹੋਰ ਸਾਵਧਾਨੀਆਂ ਵੀ ਨਹੀਂ ਵਰਤੀਆਂ ਜਾਂਦੀਆਂ। ਸਥਿਤੀ ਇਹ ਹੈ ਕਿ ਫਿਰ ਵੀ ਮਰੀਜ਼ਾਂ ਦੇ ਰਿਸ਼ਤੇਦਾਰ ਹਸਪਤਾਲ ਵਿਚ ਇਕੱਠੇ ਹੋਣ ਤੋਂ ਗੁਰੇਜ਼ ਨਹੀਂ ਕਰ ਰਹੇ। ਬਹੁਤ ਸਾਰੇ ਲੋਕ ਇਕ ਜਗ੍ਹਾ ਇਕੱਠੇ ਬੈਠੇ ਹਨ ਅਤੇ ਆਪਸ ਵਿਚ ਖਾਣਾ-ਪੀਣਾ ਵੰਡ ਰਹੇ ਹਨ। ਦੱਸਦਯੋਗ ਹੈ ਕਿ ਹਸਪਤਾਲ ਵਿਚ ਦਾਖਲ ਮਰੀਜ਼ ਨਾ ਸਿਰਫ ਪਟਿਆਲਾ ਜ਼ਿਲ੍ਹਾ, ਸਗੋਂ ਹੋਰਨਾਂ ਜ਼ਿਲਿ੍ਹਆਂ ਦੇ ਨਾਲ-ਨਾਲ ਗੁਆਂਢੀ ਰਾਜਾਂ ਤੋਂ ਵੀ ਆ ਰਹੇ ਹਨ।

--------------

ਹਸਪਤਾਲ ਤੋਂ ਬਣਾਓ ਦੂਰੀ, ਮਰੀਜ਼ ਨਾਲ ਫੋਨ 'ਤੇ ਕਰੋ ਸੰਪਰਕ : ਡਾ. ਸਿੰਗਲਾ

ਮੈਡੀਕਲ ਕਾਲਜ ਦੇ ਪਿੰ੍ਸੀਪਲ ਡਾ. ਰਾਜਨ ਸਿੰਗਲਾ ਦਾ ਕਹਿਣਾ ਹੈ ਕਿ ਕੋਵਿਡ ਵਾਰਡ ਵਿਚ ਦਾਖਲ ਮਰੀਜ਼ ਲਈ ਰਿਸ਼ਤੇਦਾਰਾਂ ਤੋਂ ਕੁਝ ਨਹੀਂ ਮੰਗਿਆ ਜਾ ਰਿਹਾ। ਖਾਣਾ ਅਤੇ ਦਵਾਈਆਂ ਸਮੇਤ ਸਮੱਗਰੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਮਰੀਜ਼ਾਂ ਕੋਲ ਫੋਨ ਹੁੰਦੇ ਹਨ ਅਤੇ ਰਿਸ਼ਤੇਦਾਰ ਉਨ੍ਹਾਂ ਨਾਲ ਕਦੇ ਵੀ ਫੋਨ 'ਤੇ ਗੱਲ ਕਰ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਵਾਰਡ ਦੇ ਬਾਹਰ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਇਕੱਠੇ ਕਿਉਂ ਹੋ ਰਹੇ ਹਨ, ਇਹ ਪਤਾ ਨਹੀਂ ਲਗ ਸਕਿਆ। ਕੋਵਿਡ ਦੇ ਫੈਲਣ ਦਾ ਇਹ ਵੀ ਇਕ ਕਾਰਨ ਹੈ। ਕਿਸੇ ਇਕ ਵਿਅਕਤੀ ਲਈ ਹਸਪਤਾਲ ਆਉਣਾ ਠੀਕ ਹੈ ਪਰ ਇਕੱਠ ਕਰਨਾ ਜਾਇਜ਼ ਨਹੀਂ ਹੈ।