ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਸਰਹਿੰਦ ਰੋਡ ਸਥਿਤ ਬੱਸ ਸਟੈਂਡ ਵਿਖੇ ਕੋਵਿਡ ਵਲੰਟਰੀਆਂ ਵਲੋਂ ਲਗਾਇਆ ਧਰਨਾ 10ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੇ 10ਵੇਂ ਦਿਨ ਵਲੰਟੀਅਰਾਂ ਨੇ ਪੰਜਾਬ ਸਰਕਰ ਖਿਲਾਫ਼ ਖਿਡੌਣੇ ਵੇਚ ਕੇ ਰੋਸ ਪ੍ਰਗਟ ਕੀਤਾ। ਵਲੰਟੀਅਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਕਾਲ ਦੌਰਾਨ ਸੇਵਾਵਾਂ ਲੈਣ ਤੋਂ ਬਾਅਦ ਉਨ੍ਹਾਂ ਨੌਕਰੀਓ ਕੱਿਢਆ ਉਦੋਂ ਤੋਂ ਉਨ੍ਹਾਂ ਨੂੰ ਆਰਥਿਕ ਤੌਰ ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਵਲੰਟਰੀਅਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਵਲੰਟਰੀਆਂ ਨੂੰ ਡਿਊਟੀਆਂ ਤੇ ਤਾਇਨਾਤ ਕਰਨ ਲਈ ਲਿਖ਼ਤੀ ਰੂਪ 'ਚ ਆਰਡਰ ਨਹੀਂ ਜਾਰੀ ਕੀਤੇ ਜਾਂਦੇ ਉਨ੍ਹਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰਹੇਗਾ। ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਅ ਲਈ ਪੰਜਾਬ ਸਰਕਾਰ ਵਲੋਂ ਮਿਸ਼ਨ ਫ਼ਤਿਹ ਤਹਿਤ ਅਭਿਆਨ ਚਲਾਇਆ ਗਿਆ ਸੀ। ਇਸ ਅਭਿਆਨ 'ਚ ਅਹਿਮ ਭੂਮਿਕਾ ਨਿਭਾਉਣ ਲਈ ਸਰਕਾਰ ਵਲੋਂ ਕੋਵਿਡ ਕੇਅਰ ਸੈਂਟਰਾਂ ਤੇ ਆਈਸੋਲੇਸ਼ਨ ਵਾਰਡਾਂ 'ਚ ਸੇਵਾਵਾਂ ਨਿਭਾਉਣ ਲਈ ਕੋਵਿਡ ਵਲੰਟੀਅਰਾਂ ਦੀ ਭਰਤੀ ਕੀਤੀ ਗਈ ਸੀ।ਕੋਰੋਨਾ ਤੋਂ ਬਚਾਅ ਲਈ ਵਲੰਟਰੀਆਂ ਵਲੋਂ ਮਰੀਜ਼ਾਂ ਨੂੰ ਬਚਾਉਣ ਲਈ ਦਿਨ ਰਾਤ ਸੇਵਾਵਾਂ ਵੀ ਨਿਭਾਈਆਂ ਗਈਆਂ ਸਨ। ਪਰ 5 ਮਹੀਨੇ ਸੇਵਾਵਾਂ ਲੈਣ ਤੋਂ ਬਾਅਦ ਸਰਕਾਰ ਵਲੋਂ ਵਲੰਟਰੀਆਂ ਨੂੰ ਬਿਨ੍ਹਾਂ ਕੋਈ ਨੋਟਿਸ ਦਿੱਤੇ ਸਰਕਾਰ ਵਲੋਂ ਫ਼ਾਰਗ ਕਰ ਦਿੱਤਾ ਗਿਆ ਹੈ। ਇਸ ਦੇ ਰੋਸ ਵਜੋਂ ਸੂਬੇ ਭਰ 'ਚੋਂ ਇੱਕਤਰ ਹੋਏ ਕੋਵਿਡ ਵਲੰਟਰੀਆਂ ਵਲੋਂ ਸਰਹਿੰਦ ਰੋਡ ਸਥਿਤ ਬੱਸ ਸਟੈਂਡ ਵਿਖੇ ਪੱਕਾ ਧਰਨਾ ਲਗਾਇਆ ਹੋਇਆ ਹੈ। ਸ਼ੁੱਕਰਵਾਰ ਨੂੰ ਧਰਨੇ ਦੇ 10ਵੇਂ ਦਿਨ ਖਿਡੌਣੇ ਵੇਚ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਸਤਨਾਮ ਸਿੰਘ, ਪ੍ਰਧਾਨ ਰਾਜਵਿੰਦਰ ਸਿੰਘ, ਵਾਈਸ ਪ੍ਰਧਾਨ ਸੁਖਰਾਜ ਸਿੰਘ, ਪਰਮਜੀਤ ਕੌਰ, ਚਮਕੌਰ ਸਿੰਘ, ਪਿ੍ਰਆ ਬੰਗਾ ਆਦਿ ਨੇ ਦੱਸਿਆ ਕਿ ਵਲੰਟਰੀਆਂ ਦਾ ਸਰਕਾਰ ਵਲੋਂ ਪੱਕੇ ਤੌਰ ਤੇ ਡਿਊਟੀ ਦਾ ਹੱਕ ਵੀ ਬਣਦਾ ਹੈ ਕਿਉਂਕਿ ਵਲੰਟਰੀਆਂ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਮਿਸ਼ਨ ਫ਼ਤਿਹ ਨੂੰ ਕਾਮਯਾਬ ਬਣਾਉਣ ਲਈ ਆਪਣਾ ਹਿੱਸਾ ਪਾਇਆ ਹੈ। ਇਸ ਲਈ ਨੌਕਰੀ ਉਨ੍ਹਾਂ ਦਾ ਬਣਦਾ ਹੈ ਹੱਕ ਹੈ ਜੋਕਿ ਉਹ ਸਰਕਾਰ ਤੋਂ ਲੈ ਕੇ ਰਹਿਣਗੇ। ਉਨ੍ਹਾਂ ਕਿਹਾ ਕਿ ਨੌਕਰੀ ਮਿਲਣ ਤੱਕ ਵਲੰਟੀਅਰਾਂ ਦਾ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।