ਅਸ਼ਵਿੰਦਰ ਸਿੰਘ, ਬਨੂੜ : ਆਈਪੀਐੱਲ 2021 ਵਿਚ ਕੋਲਕੱਤਾ ਨਾਈਟ ਰਾਈਡਰਜ਼ ਟੀਮ ਵਿਚ ਬਤੌਰ ਬੈਟਸਮੈਨ ਤੇ ਆਫ ਸਪਿੰਨ ਗੇਂਦਬਾਜ਼ ਖੇਡੇ ਪਟਿਆਲਾ ਦੇ ਸ਼ੁਭਮਨ ਗਿੱਲ ਨੇ ਅੱਜ ਬਨੂੜ ਦੇ ਕਾਲੋਮਾਜ਼ਰਾ ਹਸਪਤਾਲ ਤੋਂ ਕੋਵਿਡ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲਗਵਾਈ। ਅੱਜ ਦੁਪਹਿਰ 2 ਵਜੇ ਦੇ ਕਰੀਬ 20 ਸਾਲਾ ਸ਼ੁਭਮਨ ਗਿੱਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਸਪਤਾਲ ਪੁੱਜਾ ਤੇ ਉਨ੍ਹਾਂ ਨੇ ਵੈਕਸੀਨੇਸ਼ਨ ਕਰਵਾਈ। ਉਪਰੰਤ ਸ਼ੁਭਮਨ ਗਿੱਲ ਨੇ ਮੈਡੀਕਲ ਅਮਲੇ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਬਹੁਤ ਹੀ ਤੇਜ਼ੀ ਨਾਲ ਫੈਲ ਰਹੀ ਹੈ, ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਦੇਸ਼ ਵਾਸੀ ਕੋਰੋਨਾ ਵੈਕਸੀਨ ਜ਼ਰੂਰ ਲਗਵਾਉਣ।

ਇਸ ਮੌਕੇ ਹਸਪਤਾਲ ਦੀ ਐੱਸਐੱਮਓ ਕੁਸ਼ਲਦੀਪ ਗਿੱਲ ਨੇ ਦੱਸਿਆ ਕਿ ਸ਼ੁਭਮਨ ਗਿੱਲ ਦੇ ਪਰਿਵਾਰਕ ਮੈਂਬਰਾਂ ਨੇ ਵੀ ਪਿਛਲੇ ਦਿਨੀਂ ਉਨ੍ਹਾਂ ਦੇ ਹਸਪਤਾਲ ਤੋਂ ਕੋਵਿਡ ਵੈਕਸੀਨ ਲਗਵਾਈ ਸੀ। ਹੁਣ ਸ਼ੁਭਮਨ ਗਿੱਲ ਨੇ ਇਸ ਹਸਪਤਾਲ ਤੋਂ ਕੋਵਿਡ ਵੈਕਸੀਨ ਲਗਵਾ ਕੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਵੈਕਸੀਨ ਲਗਵਾਉਣ ਲਈ ਪੇ੍ਰਿਆ ਹੈ। ਇਸ ਮੌਕੇ ਬੀਈਈ ਦਲਜੀਤ ਕੌਰ ਅਤੇ ਕੁਲਵਿੰਦਰ ਕੌਰ ਵੀ ਮੋਜੂਦ ਸਨ।

--------

ਸਿਹਤ ਮੰਤਰੀ ਦੇ ਜ਼ਿਲ੍ਹੇ ਦੇ ਹਸਪਤਾਲ 'ਚ ਨਹੀਂ ਕੋਵਿਡ ਵੈਕਸੀਨੇਸ਼ਨ ਦੀ ਸਹੂਲਤ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਜ਼ਿਲ੍ਹੇ ਦੇ ਸੀਐੱਚਸੀ ਸੈਂਟਰ ਬਨੂੜ ਵਿਖੇ ਪਿਛਲੇ ਕਈ ਦਿਨਾਂ ਤੋਂ ਕੋਵਿਡ ਵੈਕਸੀਨ ਨਾ ਆਉਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਸੂਬਾ ਸਰਕਾਰ ਤੇ ਸਿਹਤ ਵਿਭਾਗ ਵੱਧ ਤੋਂ ਵੱਧ ਗਿਣਤੀ ਵਿਚ ਲੋਕਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਦੇ ਐਲਾਨ ਕਰ ਰਿਹਾ ਹੈ, ਜਦੋਂ ਉਹ ਬਨੂੜ ਦੇ ਸਰਕਾਰੀ ਹਸਪਤਾਲ ਵਿਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੈਕਸੀਨ ਨਾ ਆਉਣ ਦਾ ਜਵਾਬ ਦੇ ਕੇ ਮੈਡੀਕਲ ਅਮਲੇ ਵੱਲੋਂ ਭੇਜ ਦਿੱਤਾ ਜਾਂਦਾ ਹੈ। ਜਤਿੰਦਰ ਕੌਰ, ਗੁਰਸ਼ਰਨ ਕੌਰ, ਮਨਜਿੰਦਰ ਕੌਰ ਨੇ ਦੱਸਿਆ ਕਿ ਉਹ ਤਿੰਨ ਦਿਨਾਂ ਤੋਂ ਵੈਕਸੀਨ ਲਗਵਾਉਣ ਲਈ ਹਸਪਤਾਲ ਵਿਚ ਆ ਰਹੀਆਂ ਹਨ ਪਰ ਉਨ੍ਹਾਂ ਨੂੰ ਹਰ ਰੋਜ਼ ਵੈਕਸੀਨ ਨਾ ਆਉਣ ਦੀ ਗੱਲ ਕਹਿ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ। ਇਸ ਮਾਮਲੇ ਸਬੰਧੀ ਜਦੋਂ ਹਸਪਤਾਲ ਦੀ ਐੱਸਐੱਮਓ ਰਵਨੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਪਿਛਲੇ ਕਈ ਦਿਨਾਂ ਤੋਂ ਵੈਕਸੀਨ ਦੀ ਸਪਲਾਈ ਨਹੀਂ ਆ ਰਹੀ, ਜਿਸ ਕਾਰਨ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਜਦੋਂ ਅੱਜ 500 ਡੋਜ਼ ਵੈਕਸੀਨ ਆਉਣ ਸਬੰਧੀ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਡੋਜ਼ ਆਮ ਜਨਤਾ ਦੇ ਨਹੀਂ ਲਾਈ ਜਾ ਸਕਦੀ, ਕਿਉਂਕਿ ਇਹ ਡੋਜ਼ ਰਾਜ ਸਰਕਾਰ ਨੇ ਮੁੱਲ ਖ਼ਰੀਦ ਕੇ ਇਮਾਰਤੀ ਉਸਾਰੀ ਵਾਲੀ ਲੇਬਰ ਦੇ ਲਾਉਣ ਲਈ ਭੇਜੀ ਹੈ। ਉਨ੍ਹਾਂ ਨੂੰ ਜਦੋਂ ਪੁੱਿਛਆ ਗਿਆ ਕਿ ਉਨ੍ਹਾਂ ਕੋਲ ਕਿੰਨੀ ਗਿਣਤੀ ਵਿਚ ਲੇਬਰ ਡੋਜ਼ ਲਗਵਾਉਣ ਲਈ ਪੁੱਜ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਅਜੇ ਤਕ ਤਾਂ ਕੋਈ ਵੀ ਨਹੀਂ ਆਇਆ। ਸਾਡਾ ਕੰਮ ਸੁਨੇਹਾ ਦੇਣਾ ਹੈ, ਅਸੀਂ ਨਾਇਬ ਤਹਿਸੀਲਦਾਰ, ਥਾਣਾ ਮੁਖ਼ੀ ਤੇ ਈਓ ਨਗਰ ਕੌਂਸਲ ਨੂੰ ਸੁਨੇਹਾ ਦੇ ਕੇ ਵੱਧ ਤੋਂ ਵੱਧ ਲੇਬਰ ਦੇ ਟੀਕੇ ਲਗਵਾਉਣ ਲਈ ਕਿਹਾ ਹੈ। ਸ਼ਾਮ ਨੂੰ ਜਦੋਂ ਐੱਸਐੱਮਓ ਰਵਨੀਤ ਕੌਰ ਤੋਂ ਵੈਕਸੀਨ ਲਗਵਾਉਣ ਵਾਲਿਆਂ ਦਾ ਡਾਟਾ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੋਈ ਲੇਬਰ ਦਾ ਵਿਅਕਤੀ ਵੈਕਸੀਨ ਲਗਾਵਉਣ ਨਹੀਂ ਆਇਆ।