ਸਟਾਫ ਰਿਪੋਰਟਰ, ਪਟਿਆਲਾ : ਅੱਜ ਜ਼ਿਲ੍ਹੇ ਵਿਚ 540 ਕੋਵਿਡ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਜ਼ਿਲ੍ਹੇ ਵਿਚ 20 ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿਚ ਪ੍ਰਰਾਪਤ 4054 ਦੇ ਕਰੀਬ ਰਿਪੋਰਟਾਂ ਵਿਚੋਂ 540 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 40349 ਹੋ ਗਈ ਹੈ, ਜ਼ਿਲ੍ਹੇ ਦੇ 372 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਜ਼ਿਲ੍ਹੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4670 ਹੈ।

ਸਿਵਲ ਸਰਜਨ ਨੇ ਦੱਸਿਆ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਭਾਵੇਂ ਸ਼ਹਿਰੀ ਇਲਾਕਿਆਂ ਦੇ ਲੋਕ ਜ਼ਿਆਦਾ ਪਾਜ਼ੇਟਿਵ ਹੋਏ ਹਨ ਪਰ ਮੌਤ ਦਰ ਪਿੰਡਾਂ ਦੇ ਇਲਾਕਿਆਂ 'ਚ ਜ਼ਿਆਦਾ ਹੈ। ਇਸ ਦੀ ਪੁਸ਼ਟੀ ਇਕ ਅਪ੍ਰਰੈਲ ਤੋਂ 11 ਮਈ ਭਾਵ 41 ਦਿਨਾਂ ਦੇ ਅੰਕੜੇ ਕਰਦੇ ਹਨ। ਇਨ੍ਹਾਂ ਦਿਨਾਂ 'ਚ ਸ਼ਹਿਰੀ ਲੋਕਾਂ ਦੀ ਮੌਤ ਦਰ 1.73 ਫ਼ੀਸਦੀ ਜਦਕਿ ਦਿਹਾਤ ਇਲਾਕਿਆਂ ਦੀ ਮੌਤ ਦਰ 2.86 ਫ਼ੀਸਦੀ ਹੈ।

ਅੱਜ ਸਾਹਮਣੇ ਆਏ 540 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 277, ਨਾਭਾ ਤੋਂ 28, ਰਾਜਪੁਰਾ ਤੋਂ 57, ਸਮਾਣਾ ਤੋਂ 04, ਬਲਾਕ ਭਾਦਸੋਂ ਤੋਂ 42, ਬਲਾਕ ਕੌਲੀ ਤੋਂ 39, ਬਲਾਕ ਕਾਲੋਮਾਜਰਾ ਤੋਂ 15, ਬਲਾਕ ਸ਼ੁਤਰਾਣਾ ਤੋਂ 31, ਬਲਾਕ ਹਰਪਾਲਪੁਰ ਤੋਂ 14, ਬਲਾਕ ਦੁਧਣਸਾਧਾਂ ਤੋਂ 32 ਕੋਵਿਡ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ਵਿਚ 51 ਪਾਜ਼ੇਟਿਵ ਕੇਸ ਕੰਟੈਕਟ ਟ੍ਰੇਸਿੰਗ ਦੌਰਾਨ ਅਤੇ 489 ਓਪੀਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ਵਿਚੋਂ ਪਾਜ਼ੇਟਿਵ ਮਿਲੇ ਮਰੀਜ਼ ਸ਼ਾਮਲ ਹਨ।

------

ਨਿੱਜੀ ਹਸਪਤਾਲਾਂ ਨੂੰ ਸਿਵਲ ਸਰਜਨ ਵੱਲੋਂ ਚੇਤਾਵਨੀ

ਕੋਵਿਡ ਪ੍ਰਮਾਣਿਤ ਨਿੱਜੀ ਹਸਪਤਾਲਾਂ ਨੂੰ ਸਿਵਲ ਸਰਜਨ ਨੇ ਕਿਹਾ ਕਿ ਉਹ ਦਾਖਲ ਕੋਵਿਡ ਮਰੀਜ਼ਾਂ ਕੋਲੋਂ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਰੇਟਾਂ ਮੁਤਾਬਕ ਹੀ ਰਕਮ ਦੀ ਵਸੂਲੀ ਕਰਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਵੀ ਨਿੱਜੀ ਹਸਪਤਾਲ ਉਨ੍ਹਾਂ ਕੋਲੋਂ ਪੰਜਾਬ ਸਰਕਾਰ ਵੱਲੋਂ ਕੋਵਿਡ ਮਰੀਜ਼ਾਂ ਦੇ ਦਾਖਲੇ ਲਈ ਨਿਰਧਾਰਤ ਰਕਮ ਤੋਂ ਵੱਧ ਰਕਮ ਦੀ ਵਸੂਲੀ ਕਰਦਾ ਹੈ ਤਾਂ ਉਸ ਦੀ ਸੂਚਨਾ ਜ਼ਿਲ੍ਹਾ ਸਿਹਤ ਵਿਭਾਗ ਦਫਤਰ ਸਿਵਲ ਸਰਜਨ ਨੂੰ ਦੇਣ।

---------

6962 ਜਣਿਆਂ ਨੇ ਲਗਵਾਈ ਵੈਕਸੀਨ

ਜ਼ਿਲ੍ਹੇ ਵਿਚ ਕੋਵਿਡ ਟੀਕਾਕਰਨ ਪ੍ਰਰੀਕਿਰਿਆ ਤਹਿਤ 6962 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ। ਅੱਜ 18 ਤੋਂ 44 ਸਾਲ ਦੇ ਉਮਰ ਵਰਗ ਦੇ ਟੀਕਾਕਰਨ ਦੇ ਪਹਿਲੇ ਗੇੜ ਦੇ ਤੀਸਰੇ ਦਿਨ 244 ਉਸਾਰੀ ਕਾਮਿਆਂ ਵੱਲੋਂ ਕੋਵਿਡ ਟੀਕਾਕਰਨ ਕਰਵਾਇਆ ਗਿਆ।

--------

ਅੱਜੇ ਇੱਥੇ ਹੋਵੇਗਾ ਟੀਕਾਕਰਨ

ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵੀਨੁੰ ਗੋਇਲ ਨੇ ਕਿਹਾ ਕਿ ਮਿਤੀ 13 ਮਈ ਦਿਨ ਵੀਰਵਾਰ ਨੂੰ 45 ਸਾਲ ਤੋਂ ਜ਼ਿਆਦਾ ਉਮਰ ਦੇ ਨਾਗਰਿਕਾਂ ਨੂੰ ਜ਼ਿਲੇ੍ਹ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਮਾਤਾ ਕੁਸ਼ੱਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤਿ੍ਪੜੀ, ਮਾਡਲ ਟਾਊਨ, ਸਮੂਹ ਸਬ-ਡਵੀਜ਼ਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਰਾਇਮਰੀ ਸਿਹਤ ਕੇਂਦਰ, ਕਮਿਊਨਿਟੀ ਸਿਹਤ ਕੇਂਦਰ ਅਤੇ ਚੋਣਵੇਂ ਤੰਦਰੁਸਤ ਸਿਹਤ ਕੇਂਦਰਾਂ ਵਿਚ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣਗੇ। ਪਟਿਆਲਾ ਸ਼ਹਿਰ ਦੇ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਦਫਤਰ ਅਤੇ ਐਕਸਾਈਜ਼ ਐਂਡ ਟੈਕਸਟੈਂਸ਼ਨ ਬਿਲਡਿੰਗ ਸਾਹਮਣੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੀ ਆਊਟ ਰੀਚ ਕੈਂਪ ਲੱਗਣਗੇ। ਇਸ ਤੋਂ ਇਲਾਵਾ 18 ਤੋਂ 44 ਸਾਲ ਤਕ ਦੇ ਉਸਾਰੀ ਵਰਕਰਾਂ ਲਈ ਬਾਂਸਲ ਬਰਿਕਸ ਪਿੰਡ ਰਾਜਗੜ੍ਹ ਤੇਪਲਾ ਰੋਡ ਰਾਜਪੁਰਾ ਅਤੇ ਸਿਵਲ ਹਸਪਤਾਲ ਨਾਭਾ ਵਿਖੇ ਕੈਂਪ ਲਾਏ ਜਾਣਗੇ।