ਪੱਤਰ ਪੇ੍ਰਰਕ, ਪਟਿਆਲਾ : ਐਤਵਾਰ ਨੂੰ ਜ਼ਿਲ੍ਹੇ ਅੰਦਰ 658 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 18 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 3721 ਨਾਗਰਿਕਾਂ ਨੇ ਕੋਵਿਡ ਵੈਕਸੀਨ ਲਗਵਾਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਵਿਡ ਟੀਕਾਕਰਨ ਦਾ ਅੰਕੜਾ 2 ਲੱਖ 47 ਹਜ਼ਾਰ 546 ਹੋ ਗਿਆ ਹੈ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਸੋਮਵਾਰ ਤੋਂ ਸ਼ੁਰੂ ਹੋ ਰਹੇ 18 ਤੋਂ 44 ਸਾਲ ਦੇ ਉਮਰ ਦੇ ਨਾਗਰਿਕਾਂ ਦੇ ਟੀਕਾਕਰਨ ਤਹਿਤ ਪਹਿਲੇ ਗੇੜ 'ਚ ਸਿਰਫ਼ ਕੰਸਟਰੱਕਸ਼ਨ ਲੇਬਰ (ਉਸਾਰੀ ਵਰਕਰਜ਼) ਦੇ ਹੀ ਟੀਕੇ ਲਾਏ ਜਾ ਰਹੇ ਹਨ, ਜੋ ਕਿ ਕਿਰਤ ਵਿਭਾਗ ਵੱਲੋਂ ਭੇਜੇ ਜਾਣਗੇ। ਇਸ ਲਈ ਪਹਿਲੇ ਦਿਨ ਲਈ ਚਾਰ ਸਾਈਟਾਂ ਬਲਾਕ ਦੁਧਨਸਾਧਾਂ ਐੱਸਐੱਚਸੀ ਮਾੜੂ 'ਚ ਸਿਰਕੱਪੜਾ ਕੰਸਟਰੱਕਸ਼ਨ ਸਾਈਟ, ਬਲਾਕ ਕਾਲੋਮਾਜਰਾ ਦੇ ਐੱਸਐੱਚਸੀ ਚਮਾਰੂ 'ਚ ਕੁਆਰਕ ਸਿਟੀ ਕੰਨਸਟਰੱਕਸ਼ਨ ਸਾਈਟਸ ਅਤੇ ਰਾਜਪੁਰਾ ਦੇ ਪੀਡਬਲਯੂਡੀ ਰੈਸਟ ਹਾਊਸ ਦੀ ਲੇਬਰ, ਸੀਐੱਚਸੀ ਘਨੌਰ 'ਚ ਪੀਐੱਸਪੀਸੀਐੱਲ ਦਫ਼ਤਰ ਦੇ ਪਿੱਛੇ ਆਈਟੀਆਈ ਕੰਸਟਰੱਕਸ਼ਨ ਸਾਈਟ 'ਤੇ ਕੰਮ ਕਰਦੀ ਲੇਬਰ ਨੂੰ ਟੀਕੇ ਲਗਾਏ ਜਾਣਗੇ। ਜਦ ਕਿ 45 ਤੋਂ ਜ਼ਿਆਦਾ ਉਮਰ ਦੇ ਨਾਗਰਰਿਕਾਂ ਦਾ ਟੀਕਾਕਰਨ ਪਹਿਲਾਂ ਵਾਂਗ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਮਾਤਾ ਕੁਸ਼ੱਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤਿ੍ਪੜੀ, ਮਾਡਲ ਟਾਊਨ, ਸਮੂਹ ਸਬ-ਡਵੀਜ਼ਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਰਾਇਮਰੀ ਸਿਹਤ ਕੇਂਦਰ, ਕਮਿਊਨਿਟੀ ਸਿਹਤ ਕੇਂਦਰ ਆਦਿ ਵਿਚ ਆਮ ਵਾਂਗ ਜਾਰੀ ਰਹੇਗਾ।

-------

658 'ਚੋਂ 365 ਮਾਮਲੇ ਪਟਿਆਲਾ ਸਿਟੀ 'ਚੋਂ

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 38,537 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 864 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਨਾਲ ਜ਼ਿਲ੍ਹੇ 'ਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 33,311 ਹੋ ਗਈ ਹੈ। ਜ਼ਿਲ੍ਹੇ 'ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4325 ਹੈ। ਜ਼ਿਲ੍ਹੇ 'ਚ 18 ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 901 ਹੋ ਗਈ ਹੈ। ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 658 ਕੇਸਾਂ 'ਚੋਂ ਪਟਿਆਲਾ ਸ਼ਹਿਰ ਤੋਂ 365, ਨਾਭਾ ਤੋਂ 37, ਰਾਜਪੁਰਾ ਤੋਂ 54, ਸਮਾਣਾ ਤੋਂ 27, ਬਲਾਕ ਭਾਦਸੋਂ ਤੋਂ 33, ਬਲਾਕ ਕੌਲੀ ਤੋਂ 50, ਬਲਾਕ ਕਾਲੋਮਾਜਰਾ ਤੋਂ 11, ਬਲਾਕ ਸ਼ੁਤਰਾਣਾ ਤੋਂ 27, ਬਲਾਕ ਹਰਪਾਲਪੁਰ ਤੋਂ 16, ਬਲਾਕ ਦੁਧਨਸਾਧਾਂ ਤੋਂ 38 ਕੋਵਿਡ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ਕੇਸਾਂ 'ਚੋਂ 66 ਪਾਜ਼ੇਟਿਵ ਕੇਸਾਂ ਦੇ ਸੰਪਰਕ 'ਚ ਆਉਣ ਅਤੇ 592 ਓਪੀਡੀ 'ਚ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ 'ਚੋਂ ਆਏ ਪਾਜ਼ੇਟਿਵ ਮਰੀਜ਼ ਸ਼ਾਮਲ ਹਨ।

ਜ਼ਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਪਾਤੜਾਂ ਦੇ ਵਾਰਡ ਨੰਬਰ 2 'ਚ ਜ਼ਿਆਦਾ ਪਾਜ਼ੇਟਿਵ ਕੇਸ ਆਉਣ 'ਤੇ ਕੋਵਿਡ ਪ੍ਰਭਾਵਿਤ ਏਰੀਏ ਨੂੰ ਮਾਈਕ੍ਰੋਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਇਸ ਨਾਲ ਜ਼ਿਲ੍ਹੇ 'ਚ ਹੁਣ ਤਕ ਲੱਗੀਆਂ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਇਕ ਵੱਡੀ ਕੰਟੇਨਮੈਂਟ ਤੋਂ ਇਲਾਵਾ 9 ਮਾਈਕ੍ਰੋ ਕੰਟੇਨਮੈਂਟ ਹੋ ਗਈ ਹੈ।

-----------

ਕੋਵਿਡ ਜਾਂਚ ਲਈ ਲਏ 3499 ਸੈਂਪਲ

ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ 'ਚ ਅੱਜ 3499 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲ੍ਹੇ 'ਚ ਹੁਣ ਤਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤਕ ਜ਼ਿਲ੍ਹੇ 'ਚ ਕੋਵਿਡ ਜਾਂਚ ਸਬੰਧੀ 5 ਲੱਖ 76 ਹਜ਼ਾਰ 563 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਜ਼ਿਲ੍ਹਾ ਪਟਿਆਲਾ ਦੇ 38 ਹਜ਼ਾਰ 537 ਕੋਵਿਡ ਪਾਜ਼ੇਟਿਵ, 5 ਲੱਖ 35 ਹਜ਼ਾਰ 570 ਨੈਗੇਟਿਵ ਅਤੇ ਲਗਭਗ 2056 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।