ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਅੱਜ ਜ਼ਿਲ੍ਹੇ ਵਿਚ ਕੋਈ ਕੋਵਿਡ-19 ਪਾਜ਼ੇਟਿਵ ਕੇਸ ਨਹੀਂ ਆਇਆ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਲਏ 258 ਸੈਂਪਲਾਂ ਦੀ ਲੈਬ ਤੋਂ ਪ੍ਰਰਾਪਤ ਰਿਪੋਰਟਾਂ ਅਨੁਸਾਰ ਸਾਰੇ ਹੀ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜੋ ਕਿ ਜ਼ਿਲ੍ਹੇ ਲਈ ਇਕ ਰਾਹਤ ਭਰੀ ਖਬਰ ਹੈ। ਉਨ੍ਹਾਂ ਦੱਸਿਆ ਕਿ ਅੱਜ ਬੀਤੇ ਦਿਨੀਂ ਰਾਜਪੁਰਾ ਦੇ ਗਰਗ ਕਾਲੋਨੀ ਦੀ ਪਾਜ਼ੇਟਿਵ ਆਈ 20 ਸਾਲਾ ਅੌਰਤ ਦੇ ਨੇੜੇ ਦੇ ਸੰਪਰਕ ਵਿਚ ਆਏ 6 ਵਿਅਕਤੀਆਂ ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਕੱਲ ਨੂੰ ਆਵੇਗੀ।

----

ਵਿਦੇਸ਼ਾਂ ਤੋਂ ਪਰਤੇ ਯਾਤਰੀਆਂ ਦੇ ਸੈਂਪਲ ਲਏ

ਉਨ੍ਹਾਂ ਦੱਸਿਆ ਕਿ ਗਾਈਡਲਾਈਨਜ਼ ਅਨੁਸਾਰ ਵਿਦੇਸ਼ਾਂ ਤੋਂ ਆਏ ਯਾਤਰੂ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਟਲਾਂ/ਗੁਰਦੁਆਰਾ ਸਾਹਿਬਾਨ ਵਿਚ ਬਣਾਏ ਗਏ ਏਕਾਂਤਵਾਸ ਕੇਂਦਰਾਂ ਵਿਚ ਰਹਿ ਰਹੇ ਹਨ, ਉਨ੍ਹਾਂ ਦੇ ਵੀ ਕੋਵਿਡ ਜਾਂਚ ਲਈ ਸੈਂਪਲ ਲਏ ਜਾ ਰਹੇ ਹਨ ਅਤੇ ਅੱਜ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 9 ਯਾਤਰੂਆਂ ਦੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਇਸ ਸਮੇਂ 113 ਦੇ ਕਰੀਬ ਵਿਦੇਸ਼ਾਂ ਤੋਂ ਆਏ ਯਾਤਰੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਏਕਾਂਤਵਾਸ ਕੇਂਦਰਾਂ ਵਿਚ ਰਹਿ ਰਹੇ ਹਨ।

---

296 ਸੈਂਪਲਾਂ ਦੀਆਂ ਰਿਪੋਰਟਾਂ ਦੀ ਉਡੀਕ

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 296 ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਕੱਲ ਨੂੰ ਆਵੇਗੀ। ਉਨ੍ਹਾਂ ਕਿਹਾ ਕਿ ਕੋਵਿਡ ਜਾਂਚ ਲਈ ਜ਼ਿਆਦਾਤਰ ਸੈਂਪਲ ਬਾਹਰੀ ਰਾਜਾਂ/ਵਿਦੇਸ਼ਾਂ ਤੋਂ ਆ ਰਹੇੇ ਯਾਤਰੀਆਂ, ਫਲੂ ਲੱਛਣਾਂ ਵਾਲੇ ਵਿਅਕਤੀਆਂ, ਪੁਲਿਸ ਮੁਲਾਜ਼ਮਾਂ, ਗਰਭਵਤੀ ਅੌਰਤਾਂ, ਸਿਹਤ ਵਿਭਾਗ ਦੇ ਫਰੰਟ ਲਾਈਨ ਵਰਕਰਾਂ ਦੇ ਲਏ ਜਾ ਰਹੇ ਹਨ।

----

ਇਕ ਹੋਰ ਕੋਰੋਨਾ ਪੀੜਤ ਹੋਇਆ ਠੀਕ

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਪਿੰਡ ਧਨੇਠਾ ਦਾ ਰਹਿਣ ਵਾਲਾ 52 ਸਾਲਾ ਵਿਅਕਤੀ ਨੂੰ ਕੋਰੋਨਾ ਤੋਂ ਠੀਕ ਹੋਣ ਕਾਰਨ ਅੱਜ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਹੁਣ ਤਕ ਜ਼ਿਲ੍ਹੇ ਵਿਚ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 101 ਹੋ ਗਈ ਹੈ।

---

ਜ਼ਿਲ੍ਹੇ 'ਚ 9 ਐਕਟਿਵ ਮਾਮਲੇ

ਜ਼ਿਲ੍ਹੇ ਵਿਚ ਹੁਣ ਤਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤਕ ਕੋਵਿਡ ਜਾਂਚ ਸਬੰਧੀ 3945 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 112 ਕੋਵਿਡ ਪਾਜ਼ੇਟਿਵ ਜੋ ਕਿ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਹਨ, 3537 ਨੈਗੇਟਿਵ ਅਤੇ 296 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੇਟਿਵ ਕੇਸਾਂ ਵਿਚੋਂ ਦੋ ਪਾਜ਼ੇਟਿਵ ਕੇਸਾਂ ਦੀ ਮੌਤ ਹੋ ਚੁੱਕੀ ਹੈ ਅਤੇ 101 ਕੇਸ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 9 ਹੈ।