ਪੱਤਰ ਪ੍ਰਰੇਰਕ, ਪਾਤੜਾਂ : ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਪਾਤੜਾਂ ਇਲਾਕੇ ਵਿਚ ਵੀ ਦਸਤਕ ਦੇ ਦਿੱਤੀ ਹੈ। ਵਿਧਾਨ ਸਭਾ ਹਲਕਾ ਸੁਤਰਾਣਾ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਅਰਨੋਂ ਦੀ ਇਕ ਸੱਤ ਸਾਲਾ ਬੱਚੀ ਦੀ ਰਿਪੋਰਟ ਕੋਰੋਨਾ ਪਾਜਿਟਿਵ ਆਉਣ ਨਾਲ ਇਲਾਕੇ ਵਿਚ ਦਹਿਸਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਜਾਣਕਾਰੀ ਦਿੰਦਿਆਂ ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਦਰਸਨ ਕੁਮਾਰ ਨੇ ਦੱਸਿਆ ਕਿ ਮੁੰਬਈ ਤੋਂ ਇਕ ਪਰਿਵਾਰ 28 ਮਈ ਨੂੰ ਪਿੰਡ ਅਰਨੋਂ ਵਿਖੇ ਆਇਆ ਸੀ ਜਿਸ ਨੂੰ ਤੁਰੰਤ ਸਿਹਤ ਵਿਭਾਗ ਦੀ ਟੀਮ ਨੇ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਸੀ। ਇਸ ਦੌਰਾਨ ਪੂਰੇ ਪਰਿਵਾਰ ਦੇ ਕੋਰੋਨਾ ਸਬੰਧੀ ਜਾਂਚ ਲਈ ਨਮੂਨੇ ਲਏ ਸੀ ਜਿਨ੍ਹਾਂ ਵਿਚੋਂ 7 ਸਾਲਾਂ ਦੀ ਇੱਕ ਬੱਚੀ ਦੀ ਕੋਰੋਨਾ ਪਾਜ਼ਿਟਿਵ ਰਿਪੋਰਟ ਆ ਗਈ ਹੈ। ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਨੇ ਮੌਕੇ 'ਤੇ ਪਹੁੰਚ ਕੇ ਕੋਰੋਨਾ ਪਾਜਿ?ਟਿਵ ਲੜਕੀ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਈਸੋਲੇਸਨ ਵਾਰਡ ਵਿਚ ਭੇਜ ਦਿੱਤਾ ਹੈ। ਇਸ ਸਬੰਧੀ ਪ੍ਰਸਾਸਨ ਵੀ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਦਰਸਨ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਮਾਹਰ ਟੀਮਾਂ ਵੱਲੋਂ ਉਕਤ ਪਿੰਡ ਵਿੱਚ ਪੂਰੀ ਤਰ੍ਹਾਂ ਚੌਕਸੀ ਰੱਖੀ ਜਾ ਰਹੀ ਹੈ।