ਪੱਤਰ ਪੇ੍ਰਰਕ, ਰਾਜਪੁਰਾ : ਕੋਰੋਨਾ ਦੇ ਦੂਸਰੇ ਦੌਰ ਅੰਦਰ ਦਿਨ ਪ੍ਰਤੀ ਦਿਨ ਵੱਧ ਰਹੇ ਪਾਜ਼ੇਟਿਵ ਕੇਸਾਂ ਦੇ ਮਾਮਲੇ ਵਿਚ ਪੰਜਾਬ ਦੇਸ਼ ਭਰ ਦੇ ਪੀੜਤ ਸੂਬਿਆਂ ਵਿਚੋਂ ਪਹਿਲੀ ਕਤਾਰ ਵਿਚ ਹੈ। ਅਜਿਹੇ ਹਾਲਾਤ ਵਿਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਅੰਦਰ 100 ਫ਼ੀਸਦੀ ਸਟਾਫ ਨੂੰ ਬੁਲਾਉਣਾ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹੈ। ਇਹ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਹਰਪਾਲਪੁਰ ਨੇ ਕੀਤਾ। ਉਹ ਅੱਜ ਇੱਥੋਂ ਦੀ ਸ਼ਿਵਾਜੀ ਪਾਰਕ ਵਿਚ ਆਪਣੇ ਅਧਿਆਪਕ ਮੁਲਾਜ਼ਮ ਸਾਥੀਆਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਹਰਪਾਲਪੁਰ, ਸੰਦੀਪ ਕੁਮਾਰ, ਅਮਿਤ, ਦੀਪਕ ਕੁਮਾਰ, ਅਸ਼ੋਕ ਕੁਮਾਰ, ਡਾ ਬਲਜਿੰਦਰ ਸਿੰਘ, ਹਰਪ੍ਰਰੀਤ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ, ਦੀਪਿੰਦਰ ਸਿੰਘ, ਰਵਿੰਦਰ ਬੈਦਵਾਣ ਆਦਿ ਨੇ ਕਿਹਾ ਕਿ ਪਹਿਲਾਂ ਵੀ ਸਰਕਾਰ ਵੱਲੋਂ ਜਬਰੀ ਸਕੂਲ ਖੁੱਲ੍ਹਵਾਉਣ ਉਪਰੰਤ ਕੋਰੋਨਾ ਕੇਸ ਵੱਧਣ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕੋਰੋਨਾ ਦਾ ਵਾਹਕ ਐਲਾਨਦਿਆਂ ਇਸ ਪਵਿੱਤਰ ਕਿੱਤੇ ਨੂੰ ਸਮਾਜ ਅੰਦਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਬਹੁਤਾਤ ਸਕੂਲਾਂ ਅੰਦਰ ਕੋਈ ਕੰਮ ਨਹੀਂ ਹੈ, ਇਸ ਲਈ ਸਾਰੇ ਸਟਾਫ ਨੂੰ ਛੇ ਘੰਟੇ ਲਈ ਬਿਠਾਉਣਾ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹੈ। ਬਹੁਤਾਤ ਸਟਾਫ ਪਟਿਆਲਾ ਤੇ ਚੰਡੀਗੜ੍ਹ ਤੋਂ ਸਾਂਝੀਆਂ ਕਿਰਾਇਆ ਵੈਨਾਂ ਜਾਂ ਬੱਸਾਂ ਰਾਹੀਂ ਸਕੂਲ ਆ ਰਿਹਾ ਹੈ। ਇਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਤਕ ਇਹ ਕੋਰੋਨਾ ਦੀ ਲਾਗ ਪਹੁੰਚਣ ਦਾ ਖਤਰਾ ਵੱਧ ਗਿਆ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਜੇ ਆਨਲਾਈਨ ਕਲਾਸਾਂ ਰਾਹੀਂ ਹੀ ਪੜ੍ਹਾਈ ਕਰਵਾਈ ਜਾਣੀ ਹੈ ਤਾਂ ਉਨ੍ਹਾਂ ਦੀ ਜਾਨ ਨੂੰ ਖ਼ਤਰੇ ਵਿਚ ਨਾ ਪਾਇਆ ਜਾਵੇ ਤੇ ਨਿੱਤ ਦਿਨ ਵਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਰੋਜ਼ਾਨਾ ਪੰਜਾਹ ਫ਼ੀਸਦੀ ਸਟਾਫ ਨੂੰ ਹੀ ਬੁਲਾਇਆ ਜਾਵੇ। ਇਸ ਹੋਰ ਅਧਿਆਪਕ ਆਗੂ ਵੀ ਹਾਜ਼ਰ ਸਨ।