ਸਟਾਫ ਰਿਪੋਰਟਰ, ਪਟਿਆਲਾ : ਕਾਂਗਰਸੀ ਵਿਧਾਇਕਾਂ ਦੀ ਨਾ ਮੰਨਣ ਵਾਲਿਆਂ ਤੇ ਅਧਿਕਾਰੀਆਂ 'ਤੇ ਵੀ ਆਖਿਰ ਕਾਰਵਾਈ ਸ਼ੁਰੂ ਹੋ ਗਈ ਹੈ। ਕਾਂਗਰਸੀ ਵਿਧਾਇਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਖੁੱਲ੍ਹ ਕੇ ਕੀਤੀਆਂ ਸ਼ਿਕਾਇਤਾਂ ਤੋਂ ਬਾਅਦ ਤਬਦਾਲਿਆਂ ਦੇ ਹੁਕਮ ਵੀ ਜਾਰੀ ਹੋ ਗਏ ਹਨ। ਦੇਰ ਰਾਤ ਜਾਰੀ ਹੋਏ ਹੁਕਮਾਂ ਵਿਚ ਪਟਿਆਲਾ ਦੇ ਐੱਸਡੀਐੱਮ, ਸਮਾਣਾ ਦੇ ਇਕ ਇੰਸਪੈਕਟਰ ਤੇ ਇਕ ਸਬ ਇੰਸਪੈਕਟਰ ਦੀ ਬਦਲੀ ਦੇ ਹੁਕਮ ਜਾਰੀ ਕੀਤੇ ਹਨ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿਚ ਵਿਧਾਇਕੀ ਹਰਦਿਆਲ ਸਿੰਘ ਕੰਬੋਜ ਵੱਲੋਂ ਐੱਸਡੀਐੱਮ ਰਵਿੰਦਰ ਸਿੰਘ ਅਰੋੜਾ 'ਤੇ ਉਨ੍ਹਾਂ ਦੇ ਹਲਕੇ ਦੀ ਇਕ ਪੰਚਾਇਤ ਤੋਂ ਕਥਿਤ ਰਿਸ਼ਵਤ ਲੈਣ ਦੇ ਦੋਸ਼ ਲਗਾਏ ਗਏ। ਜਿਸ ਤੋਂ ਬਾਅਦ ਪ੍ਰਸੋਨਲ ਵਿਭਾਗ ਪ੍ਰਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਨਿਰਦੇਸ਼ 'ਤੇ ਐੱਸਡੀਐੱਮ ਰਵਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ। ਅਗਲੀ ਤੈਨਾਤੀ ਤਕ ਐੱਸਡੀਐੱਮ ਦਾ ਕਾਰਜਭਾਰ ਡਿਪਟੀ ਕਮਿਸ਼ਨਰ ਵੱਲੋਂ ਹੀ ਸਾਂਭਿਆ ਜਾਵੇਗਾ। ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਉਨ੍ਹਾਂ ਦੇ ਹਲਕੇ ਵਿਚ ਪੁਲਿਸ 'ਤੇ ਿਢੱਲੀ ਕਾਰਵਾਈ ਦੇ ਦੋਸ਼ ਲਗਾਏ। ਵਿਧਾਇਕ ਅਨੁਸਾਰ ਇਕ ਪਿੰਡ ਦੇ ਸਰਪੰਚ 'ਤੇ ਹਸਪਤਾਲ ਵਿਚ ਹਮਲਾ ਕੀਤਾ ਗਿਆ ਪਰ ਪੁਲਿਸ ਵੱਲੋਂ ਇਕ ਹੀ ਮੁਲਜ਼ਮ ਗਿ੍ਫਤਾਰ ਕੀਤਾ ਗਿਆ ਹੈ ਜੋ ਕਿ ਪੁਲਿਸ ਦੀ ਵੱਡੀ ਨਾਕਾਮੀ ਹੈ। ਇਸ ਸ਼ਿਕਾਇਤ 'ਤੇ ਥਾਣਾ ਗੰਡਾਖੇੜੀ ਦੇ ਮੁਖੀ ਸਬ-ਇੰਸਪੈਕਟਰ ਸੋਹਣ ਸਿੰਘ ਦਾ ਬਦਲੀ ਕਰ ਦਿੱਤੀ ਗਈ ਹੈ। ਇਸਦੇ ਨਾਲ ਹਲਕਾ ਸਮਾਣਾ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ ਨੇ ਸੀਆਈਏ ਇੰਚਾਰਜ 'ਤੇ ਕਥਿਤ ਭਿ੍ਸ਼ਟਾਚਾਰੀ ਦੇ ਦੋਸ਼ ਲਗਾਏ। ਜਿਸ 'ਤੇ ਕਾਰਵਾਈ ਕਰਦਿਆਂ ਦੇਰ ਰਾਤ ਸੀਆਈਏ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਦੀ ਵੀ ਬਦਲੀ ਕਰ ਦਿੱਤੀ ਗਈ ਹੈ।

ਦੂਸਰੇ ਪਾਸੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਵਿਧਾਇਕ ਨੂੰ ਐੱਸਡੀਐੱਮ ਮਾਮਲੇ ਦੀ ਜਾਂਚ ਕਰ ਕੇ ਸੱਚਾਈ ਸਾਹਮਣੇ ਲਿਆਉਣ ਦਾ ਭਰੋਸਾ ਦਿੱਤਾ ਹੈ। ਜਦੋਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਮਾਮਲਿਆਂ ਦੀ ਆਪਣੇ ਪੱਧਰ 'ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ।