ਸਟਾਫ ਰਿਪੋਰਟਰ, ਪਟਿਆਲਾ : ਨੇੜਲੇ ਪਿੰਡ ਕਲਿਆਣ ਵਿਖੇ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਇਕ ਸਮਾਗਮ ਵਿੱਚ ਹਿੱਸਾ ਲੈਣ ਲਈ ਪੁੱਜੇ ਕਾਂਗਰਸੀ ਵਿਧਾਇਕ ਕਾਕਾ ਰਾਜਿੰਦਰ ਸਿੰਘ ਨੂੰ ਕਿਸਾਨਾਂ ਨੇ ਘੇਰਾ ਪਾ ਲਿਆ। ਕਿਸਾਨਾਂ ਦੇ ਗੁੱਸੇ ਨੂੰ ਦੇਖ ਵਿਧਾਇਕ ਨੇ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀ ਪਰ ਉਹ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਮਾਮਲਾ ਭਖ਼ਦਾ ਦੇਖ ਮੌਕੇ ਤੇ ਮੌਜੂਦ ਪੁਲੀਸ ਫੋਰਸ ਵੱਲੋਂ ਕਿਸਾਨਾਂ ਨੂੰ ਸ਼ਾਂਤ ਕਰਨਾ ਚਾਹਿਆ ਪ੍ਰੰਤੂ ਭੜਕੇ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਹੀ ਵਿਧਾਇਕ ਰਜਿੰਦਰ ਸਿੰਘ ਪੁਲੀਸ ਦੇ ਪਹਿਰੇ ਹੇਠ ਪਿੰਡ ਤੋਂ ਰਵਾਨਾ ਹੋ ਗਏ।

ਜਾਣਕਾਰੀ ਅਨੁਸਾਰ, ਹਲਕਾ ਸਮਾਣਾ ਦੇ ਵਿਧਾਇਕ ਕਾਕਾ ਰਾਜਿੰਦਰ ਸਿੰਘ ਨਾਭਾ ਰੋਡ ਤੇ ਸਥਿਤ ਪਿੰਡ ਕਲਿਆਣ ਵਿਖੇ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਤਹਿਤ ਲੋੜਵੰਦਾਂ ਨੂੰ ਚੈੱਕ ਸੌਂਪਣ ਲਈ ਪੁੱਜੇ ਸਨ। ਵਿਧਾਇਕ ਦੇ ਆਉਣ ਦੀ ਭਿਣਕ ਲੱਗਦਿਆਂ ਹੀ ਪਿੰਡ ਕਲਿਆਣ ਦੇ ਕਿਸਾਨ ਇਕੱਤਰ ਹੋਣੇ ਸ਼ੁਰੂ ਹੋਏ ਤੇ ਵਿਧਾਇਕ ਨੂੰ ਕਿਸਾਨੀ ਮਸਲਿਆਂ ਅਤੇ ਖੇਤੀ ਕਾਨੂੰਨਾਂ ਤੇ ਚਰਚਾ ਕਰਨ ਲਈ ਰੋਕ ਲਿਆ। ਇਸ ਦੌਰਾਨ ਕਿਸਾਨਾਂ ਵੱਲੋਂ ਵਿਧਾਇਕ ਨੂੰ ਤਿੱਖੇ ਸਵਾਲ ਕੀਤੇ ਗਏ ਪਰ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ 'ਤੇ ਕਿਸਾਨਾਂ ਨੇ ਵਿਧਾਇਕ ਦੀ ਫੇਰੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਇਸ ਮੌਕੇ ਵਿਧਾਇਕ ਕਾਕਾ ਰਾਜਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਕਿਸਾਨ ਹਮਾਇਤੀ ਅਤੇ ਉਨ੍ਹਾਂ ਦੇ ਨਾਲ ਹਮੇਸ਼ਾ ਖੜ੍ਹੇ ਹੋਣ ਦੀ ਗੱਲ ਕੀਤੀ ਪਰ ਕਿਸਾਨਾਂ ਨੇ ਵਿਧਾਇਕ ਦੀ ਗੱਲ ਨਾਲ ਸਹਿਮਤ ਨਾ ਹੁੰਦਿਆਂ ਉਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਮਲਾ ਭਖ਼ਦਾ ਦੇਖ ਵਿਧਾਇਕ ਪੁਲਿਸ ਦੇ ਪਹਿਰੇ ਹੇਠ ਕਿਸਾਨਾਂ ਦੀ ਭੀੜ ਵਿੱਚੋਂ ਖਿਸਕ ਗਏ।

Posted By: Jagjit Singh