ਪੱਤਰ ਪ੍ਰਰੇਰਕ, ਰਾਜਪੁਰਾ : ਰਾਜਪੁਰਾ ਰੇਲਵੇ ਸੀਆਈਏ ਪੁਲਿਸ ਵੱਲੋਂ ਰੇਲਵੇ ਸ਼ਟੇਸ਼ਨ 'ਤੇ ਚੈਕਿੰਗ ਦੌਰਾਨ ਇਕ ਵਿਅਕਤੀ ਦੇ ਸਾਮਾਨ ਦੀ ਤਲਾਸ਼ੀ ਲੈਣ 'ਤੇ 8 ਦੇਸੀ ਪਿਸਤੌਲਾਂ 32 ਬੋਰ ਸਮੇਤ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਰਾਜਪੁਰਾ ਰੇਲਵੇ ਸੀਆਈਏ ਇੰਚਾਰਜ ਇੰਸਪੈਕਟਰ ਗਜੇਂਦਰ ਸਿੰਘ ਨੇ ਦੱਸਿਆ ਕਿ ਏਡੀਜੀਪੀ ਰੇਲਵੇ ਦੀਆਂ ਹਦਾਇਤਾਂ ਹੇਠ ਸਹਾਇਕ ਥਾਣੇਦਾਰ ਮਲਕੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਰੇਲਵੇ ਸਟੇਸ਼ਨ ਪਲੇਟ ਫਾਰਮ 'ਤੇ ਮੁਸਾਫਿਰਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸ਼ੱਕ ਦੇ ਆਧਾਰ 'ਤੇ ਇਕ ਨੌਜਵਾਨ ਨੂੰ ਰੋਕ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 8 ਪਿਸਤੌਲਾਂ ਦੇਸੀ ਨਾਜਾਇਜ਼ ਬਰਾਮਦ ਕੀਤੀਆਂ ਹਨ। ਦੋਸ਼ੀ ਦੀ ਪਛਾਣ ਰਾਜਵਿੰਦਰ ਸਿੰਘ ਵਾਸੀ ਸਲੇਮਟਾਬਰੀ ਲੁਧਿਆਣਾ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਇਹ ਪਿਸਤੌਲਾਂ ਅਖਨੋਰ ਮਹਾਰਾਸ਼ਟਰ ਤੋਂ 20 ਹਜ਼ਾਰ ਰੁਪਏ ਪ੍ਰਤੀ ਪਿਸਤੌਲ ਖ਼ਰੀਦ ਕੇ ਲਿਆਇਆ ਸੀ ਤੇ ਲੁਧਿਆਣਾ ਲੈ ਕੇ ਜਾਣਾ ਸੀ। ਇਹ ਪਿਸਤੌਲਾਂ ਅੱਗੇ ਕਿਸ ਨੂੰ ਦੇਣੀਆਂ ਸਨ, ਦਾ ਖ਼ੁਲਾਸਾ ਹੋਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਵਿਅਕਤੀ ਖ਼ਿਲਾਫ਼ 2 ਆਰਮਜ਼ ਐਕਟ ਤਹਿਤ ਵੱਖ-ਵੱਖ ਕੇਸ ਦਰਜ ਹਨ। ਇਸ ਮੌਕੇ ਏਐੱਸਆਈ ਮਲਕੀਤ ਸਿੰਘ, ਏਐੱਸਆਈ ਰਵੀ ਦੱਤ, ਏਐੱਸਆਈ ਸੁਖਵੰਤ ਸਿੰਘ, ਏਐੱਸਆਈ ਜਰਨੈਲ ਸਿੰਘ, ਏਐੱਸਆਈ ਗੁਰਮੀਤ ਸਿੰਘ, ਹੌਲਦਾਰ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।