ਹਰਿੰਦਰ ਸ਼ਾਰਦਾ, ਪਟਿਆਲਾ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਵਧੀਆਂ ਤੇ ਮਿਲਾਵਟ ਰਹਿਤ ਖਾਦ ਪਦਾਰਥ ਮੁਹੱਈਆਂ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜਿਲ੍ਹਾ ਸਿਹਤ ਵਿਭਾਗ ਦੀ ਟੀਮ ਨੇ ਮੁਹਿੰਮ ਵਿੱਢ ਦਿੱਤੀ ਗਈ ਹੈ। ਸਬੰਧਤ ਵਿਭਾਗ ਵਲੋਂ ਦੇਵੀਗੜ੍ਹ ਰੋਡ 'ਤੇ ਪੈਂਦੀਆਂ ਦੁਕਾਨਾਂ, ਡੈਅਰੀਆਂ ਤੇ ਢਾਬਿਆਂ ਦੀ ਚੈਕਿੰਗ ਕੀਤੀ ਗਈ। ਜਿਥੋਂ ਵੱਖ-ਵੱਖ ਖਾਦ ਪਦਾਰਥਾਂ ਦੇ 10 ਸੈਂਪਲ ਭਰ ਕੇ ਲੈਬਾਰਟਰੀ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਉਪਰੰਤ ਵਿਭਾਗ ਨੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਖਾਣ ਲਈ ਵਧੀਆ ਵਸਤੂਆਂ ਮੁਹੱਇਆ ਕਰਾਉਣ ਦਾ ਟੀਚਾ ਬਣਾਇਆ ਗਿਆ ਹੈ। ਤਾਂਕਿ ਕੋਈ ਵਿਅਕਤੀ ਇਨ੍ਹਾਂ ਖਾਦ ਪਦਾਰਥਾਂ ਦੀ ਵਰਤੋਂ ਕਰਕੇ ਬਿਮਾਰੀਆਂ ਦਾ ਸ਼ਿਕਾਰ ਨਾ ਹੋ ਸਕੇ। ਵਿਭਾਗ ਵਲੋਂ ਇਸ ਅਭਿਆਨ ਤਹਿਤ ਮਿਲਾਵਟ ਖੋਰਾਂ 'ਤੇ ਨੱਥ ਪਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਸਿਵਲ ਸਰਜ਼ਨ ਡਾ.ਹਰੀਸ਼ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਤੇ ਫੁੂਡ ਸੇਫਟੀ ਅਫਸਰ ਪੁਨੀਤ ਸ਼ਰਮਾ ਹਾਜ਼ਰ ਵਲੋਂ ਦੇਵੀਗੜ੍ਹ ਰੋਡ ਸਥਿਤ ਦੁੱਧ ਦੀ ਡੈਅਰੀਆਂ, ਢਾਬੇ, ਕਰਿਆਨੇ ਵਾਲੀਆਂ ਦੁਕਾਨਾਂ ਅਤੇ ਫਾਸਟ ਫੂਡ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸ਼ੱਕ ਦੇ ਅਧਾਰ 'ਤੇ ਟੀਮ ਨੇ ਸਭ ਤੋਂ ਪਹਿਲਾਂ ਦੇਵੀਗੜ੍ਹ ਰੋਡ ਸਥਿਤ ਪਿੰਡ ਪੰਜੇਟਾ ਤੋਂ ਦੁੱਧ ਦੀ ਡੈਅਰੀ ਤੋਂ ਦੁੱਧ, ਦਹੀਂ ਅਤੇ ਲੱਸੀ ਦੇ ਸੈਂਪਲ ਭਰੇ ਗਏ। ਫਿਰ ਪਿੰਡ ਜੋੜੀਆਂ ਸੜਕਾਂ ਸਥਿਤ ਢਾਬੇ ਤੋਂ ਸੂਜੀ, ਮਿਨਰਲ ਪਾਣੀ, ਦੁੱਧ ਦੇ ਸੈਂਪਲ ਤੇ ਕਰਿਆਨੇ ਦੀ ਦੁਕਾਨ ਤੋਂ ਐਪਲ ਜੂਸ ਤੇ ਨਮਕੀਨ ਦੇ ਸੈਂਪਲ ਭਰੇ ਗਏ ਹਨ। ਟੀਮ ਵਲੋਂ ਉਨ੍ਹਾਂ ਦੁਕਾਨਾਂ ਦੇ ਨਾਲ ਹੀ ਸਥਿਤ ਫਾਸਟ ਫੂਡ ਦੀ ਦੁਕਾਨ ਤੋਂ ਕੋਕਾ ਕੋਲਾ ਅਤੇ ਮਿਉਨੀ ਦੇ ਸੈਂਪਲ ਭਰੇ ਗਏ। ਇਸ ਮੌਕੇ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਭਰੇ ਗਏ ਇਹ ਸੈਂਪਲ ਲੈਬਾਰਟਰੀ ਜਾਂਚ ਲਈ ਭੇਜੇ ਜਾਣਗੇ ਤੇ ਲੈਬਾਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੇਲ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ ਫੂਡ ਸੈਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

------

ਮਿਲਾਵਟਖੋਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਸਿਵਲ ਸਰਜਨ

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਇਹ ਰੂਟੀਨ ਦੀ ਚੈਕਿੰਗ ਸੀ ਤੇ ਕਮਿਸ਼ਨਰ ਫੂਡ ਐਂਡ ਡੱਰਗ ਐਡਮਿਨਿਸ਼ਟਰੇਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਖਾਦ ਪਦਾਰਥਾਂ ਵਿਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਭੱਵਿਖ ਵਿਚ ਵੀ ਅਜਿਹੀ ਕਾਰਵਾਈਆਂ ਜਾਰੀ ਰਹਿਣਗੀਆਂ। ਜੇਕਰ ਇਨ੍ਹਾਂ ਖਾਦ ਪਦਾਰਥਾਂ ਦੇ ਸੈਂਪਲ ਲੋਕਾਂ ਦੀ ਸਿਹਤ ਲਈ ਨਾ ਖਾਣ ਪੀਣ ਯੋਗ ਪਾਏ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।