ਨਵਦੀਪ ਢੀਂਗਰਾ, ਪਟਿਆਲਾ: ਕੋਰੋਨਾ ਮਹਾਮਾਰੀ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਿਸ ਟੀਮ 'ਤੇ ਹਮਲਾ ਕਰਨ ਤੇ ਇਕ ਏਐੱਸਆਈ ਦਾ ਗੁੱਟ ਵੱਢਣ ਦੇ ਮਾਮਲੇ ਵਿਚ ਥਾਣਾ ਸਦਰ ਪੁਲਿਸ ਵਲੋਂ ਚਾਰ ਨਿਹੰਗਾਂ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਸਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਮੁਖੀ ਬਿੱਕਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਬੁੱਧਵਾਰ ਡਿਊਟੀ ਮੈਜਿਸਟ੍ਰੇਟ ਕੋਲ ਮੁਲਜ਼ਮ ਬਲਵਿੰਦਰ ਸਿੰਘ, ਜਗਮੀਤ ਸਿੰਘ, ਅਜੈਬ ਸਿੰਘ ਉਰਫ਼ ਨਿਰਭੈ ਸਿੰਘ ਅਤੇ ਗੁਰਮੀਤ ਸਿੰਘ ਉਰਫ ਗਿੱਪੀ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਦੂਸਰੇ ਪਾਸੇ ਇਸ ਵਾਰਦਾਤ ਦੌਰਾਨ ਹਮਲਾਵਰਾਂ ਦਾ ਸ਼ਿਕਾਰ ਹੋਏ ਐੱਸਆਈ ਹਰਜੀਤ ਸਿੰਘ ਨੇ ਜਲਦ ਇਨਸਾਫ ਮਿਲਣ ਦੀ ਆਸ ਕੀਤੀ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਅਪ੍ਰੈਲ ਮਹੀਨੇ ਵਿਚ ਲਾਕਡਊਨ ਤੇ ਕਰਫਿਊ ਲੱਗਿਆ ਹੋਇਆ ਸੀ। ਸਨੌਰ ਨੇੜੇ ਸਥਿਤ ਸਬਜ਼ੀ ਮੰਡੀ ਵਿਚ 12 ਅਪ੍ਰੈਲ ਨੂੰ ਪੁਲਿਸ ਟੀਮ ਡਿਊਟੀ 'ਤੇ ਤਾਇਨਾਤ ਸੀ। ਇਸੇ ਦੌਰਾਨ ਹੀ ਤੜਕ ਸਵੇਰੇ ਇਕ ਗੱਡੀ ਵਿਚ ਸਵਾਰ ਕੁਝ ਨਿਹੰਗਾਂ ਵੱਲੋਂ ਪਹਿਲਾਂ ਮੰਡੀ ਵਿਚ ਹੰਗਾਮਾ ਕੀਤਾ ਗਿਆ ਤੇ ਪੁਲਿਸ ਟੀਮ ਵੱਲੋਂ ਰੋਕਣ 'ਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਤੇਜ਼ਧਾਰ ਹਥਿਆਰਾਂ ਨਾਲ ਹੋਏ ਹਮਲੇ ਵਿਚ ਉਸ ਸਮੇਂ ਡਿਊਟੀ 'ਤੇ ਤਾਇਨਾਤ ਏਐੱਸਆਈ ਹਰਜੀਤ ਸਿੰਘ ਦਾ ਹੱਥ ਗੁੱਟ ਨਾਲੋਂ ਵੱਖ ਹੋ ਗਿਆ ਸੀ ਜਦੋਂਕਿ ਥਾਣਾ ਮੁਖੀ ਬਿੱਕਰ ਸਿੰਘ ਸਮੇਤ ਪੁਲਿਸ ਮੁਲਾਜ਼ਮ ਵੀ ਜਖਮੀ ਹੋਏ ਸਨ। ਇਸ ਸਬੰਧੀ ਥਾਣਾ ਸਦਰ ਪੁਲਿਸ ਵਲੋਂ ਮੁਲਜ਼ਮ ਬਲਵਿੰਦਰ ਸਿੰਘ, ਜਗਮੀਤ ਸਿੰਘ, ਅਜੈਬ ਸਿੰਘ ਉਰਫ਼ ਨਿਰਭੈ ਸਿੰਘ ਅਤੇ ਗੁਰਮੀਤ ਸਿੰਘ ਉਰਫ਼ ਗਿੱਪੀ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ।

ਇਸਤੋਂ ਇਲਾਵਾ ਉਕਤ ਮੁਲਜ਼ਮਾਂ ਨੂੰ ਪੁਲਿਸ ਟੀਮ ਨੇ ਸਬਜ਼ੀ ਮੰਡੀ ਤੋਂ ਪਿੱਛਾ ਕਰਦਿਆਂ ਪਿੰਡ ਬਲਬੇੜਾ ਵਿਖੇ ਸਥਿਤ ਗੁਰਦੁਆਰਾ ਖਿਚੜੀ ਸਾਹਿਬ ਤੋਂ ਅਸਲੇ ਤੇ ਹੋਰ ਸਮਾਨ ਸਮੇਤ ਗ੍ਰਿਫਤਾਰ ਕੀਤਾ ਗਿਆ। ਉਸ ਸਮੇਂ ਮੌਕੇ 'ਤੇ 11 ਜਣੇ ਹਿਰਾਸਤ ਵਿਚ ਲੈ ਕੇ ਥਾਣਾ ਪਸਿਆਣਾ ਵਿਖੇ ਵੱਖਰਾ ਮਾਮਲਾ ਦਰਜ ਕੀਤਾ ਗਿਆ ਸੀ। ਜਦੋਂਕਿ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵਲੋਂ ਕੀਤੀ ਗਈ ਜਾਂਚ ਵਿਚ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਰੋਲ ਨਾ ਨਿਭਾਉਣ ਵਾਲੀ ਔਰਤ ਸਮੇਤ ਹੋਰਾਂ ਨੂੰ ਮਾਮਲੇ ਵਿਚੋਂ ਬਰੀ ਕਰਵਾ ਦਿੱਤਾ ਸੀ। ਇਸ ਮਾਮਲੇ ਵਿਚ ਥਾਣਾ ਪਸਿਆਣਾ ਵਲੋਂ ਡੇਰੇ ਵਿਚੋਂ ਬਰਾਮਦ ਹੋਏ ਅਸਲੇ ਤੇ ਹੋਰ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਚਾਰਜਸ਼ੀਟ ਵੱਖ ਤੋਂ ਦਾਇਰ ਕੀਤੀ ਜਾਣੀ ਹੈ।

ਜ਼ਿਕਰਯੋਗ ਹੈ ਕਿ ਉਸ ਸਮੇਂ ਏਐੱਸਆਈ ਹਰਜੀਤ ਸਿੰਘ ਦੀ ਦਲੇਰੀ ਦੇ ਚੱਲਦਿਆਂ ਉਸਨੂੰ ਪੰਜਾਬ ਦਾ ਯੋਧਾ ਕਰਾਰ ਦਿੱਤਾ ਗਿਆ। ਜਿਥੇ ਪੁਲਿਸ ਵਿਭਾਗ ਵਲੋਂ ਹਰਜੀਤ ਸਿੰਘ ਨੂੰ ਪਦਉਨਤ ਕਰਕੇ ਸਬ ਇੰਸਪੈਕਟਰ ਦੇ ਅਹੁਦੇ ਨਾਲ ਨਿਵਾਜ਼ਿਆ ਗਿਆ ਉਥੇ ਹੀ ਉਨਾਂ ਦੇ ਲੜਕੇ ਨੂੰ ਵੀ ਪੁਲਿਸ ਮਹਿਕਮੇ ਵਿਚ ਨੌਕਰੀ ਵੀ ਦਿੱਤੀ ਗਈ ਹੈ।

Posted By: Jagjit Singh