ਜਗਨਾਰ ਸਿੰਘ ਦੁਲੱਦੀ, ਨਾਭਾ

ਪਿੰਡਾਂ 'ਚ ਵੱਸਦੇ ਲੋੜਵੰਦ, ਗਰੀਬ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਸਵੈ ਰੁਜ਼ਗਾਰ ਨਾਲ ਜੋੜਨ ਅਤੇ ਪਸ਼ੂ ਪਾਲਣ ਤੇ ਡੇਅਰੀ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਗਨਰੇਗਾ ਸਕੀਮ ਤਹਿਤ ਪਟਿਆਲਾ ਜ਼ਿਲ੍ਹੇ ਅੰਦਰ ਹੁਣ ਤੱਕ ਪਸ਼ੂਆਂ ਲਈ 443 ਕੈਟਲ ਸ਼ੈਡ ਬਣਾਏ ਗਏ ਹਨ, ਜਦੋਂਕਿ 1000 ਹੋਰ ਬਣਨ ਵਾਲੇ ਕੈਟਲ ਸ਼ੈਡਾਂ ਵਿੱਚੋਂ 900 ਸ਼ੈਡ ਬਣਾਉਣ ਦਾ ਕੰਮ ਜਾਰੀ ਹੈ। ਇਹ ਪ੍ਰਗਟਾਵਾ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰਰੀਤੀ ਯਾਦਵ ਨੇ ਕੀਤਾ। ਡਾ. ਯਾਦਵ ਨੇ ਦੱਸਿਆ ਕਿ ਡੇਅਰੀ ਧੰਦੇ ਨੂੰ ਉਤਸ਼ਾਹਤ ਕਰਨ ਲਈ ਛੋਟੇ ਤੇ ਸੀਮਤ ਕਿਸਾਨਾਂ ਸਮੇਤ ਐਸ.ਸੀਜ, ਜ਼ਿਨ੍ਹਾਂ ਕੋਲ ਪਸ਼ੂ ਤਾਂ ਹਨ ਪ੍ਰੰਤੂ ਉਨ੍ਹਾਂ ਲਈ ਪੱਕਾ ਸ਼ੈਡ ਨਹੀਂ ਹੈ, ਉਨ੍ਹਾਂ ਲਈ ਜ਼ਿਲ੍ਹੇ ਦੇ ਸਾਰੇ ਪਿੰਡਾਂ 'ਚ ਮਗਨਰੇਗਾ ਤਹਿਤ 5-5 ਕੈਟਲ ਸ਼ੈਡ ਬਣਾਏ ਜਾ ਰਹੇ ਹਨ, ਬਾਅਦ 'ਚ ਪਹਿਲਾਂ ਆਓ-ਪਹਿਲਾਂ ਪਾਓ ਤਹਿਤ ਇਹ ਕੈਟਲ ਸ਼ੈਡ ਬਣਾਏ ਜਾਣਗੇ। ਏ.ਡੀ.ਸੀ. ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਨੇ ਪਸ਼ੂਆਂ ਲਈ 1000 ਕੈਟਲ ਸ਼ੈਡ ਹੋਰ ਬਣਾਉਣ ਦੀ ਮਨਜੂਰੀ ਦਿੱਤੀ ਹੈ, ਜਿਨ੍ਹਾਂ 'ਚੋਂ 900 ਦਾ ਕੰਮ ਸ਼ੁਰੂ ਹੋ ਗਿਆ ਹੈ। ਡਾ. ਯਾਦਵ ਨੇ ਕਿਹਾ ਕਿ ਜਿਹੜੇ ਯੋਗ ਲਾਭਪਾਤਰੀ ਕੈਟਲ ਸ਼ੈਡ ਬਣਵਾਉਣਾ ਚਾਹੁੰਦੇ ਹਨ, ਉਹ ਆਪਣੀ ਅਰਜ਼ੀ ਗ੍ਰਾਮ ਪੰਚਾਇਤ ਰਾਹੀਂ ਸਬੰਧਤ ਬੀ.ਡੀ.ਪੀ.ਓ ਕੋਲ ਪੁੱਜਦੀ ਕਰ ਸਕਦੇ ਹਨ। ਏ.ਡੀ.ਸੀ. ਨੇ ਪਿੰਡ ਸੌਜਾ ਵਿਖੇ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਬਰਸਾਤ ਦੇ ਪਾਣੀ ਨੂੰ ਸਾਂਭਣ ਲਈ ਬਣਾਏ ਗਏ ਪੌਂਡ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਰਿੰਦਰ ਸਿੰਘ ਿਢੱਲੋਂ, ਬੀ.ਡੀ.ਪੀ.ਓ. ਨਾਭਾ ਅਜੈਬ ਸਿੰਘ, ਏ.ਪੀ.ਓ. ਅਮਰੀਕ ਸਿੰਘ, ਜੀਆਰਐਸ ਤਰਪਿੰਦਰ ਸਿੰਘ ਸਮੇਤ ਪਿੰਡਾਂ ਦੇ ਪੰਚ-ਸਰਪੰਚ ਅਤੇ ਹੋਰ ਪਤਵੰਤੇ ਮੌਜੂਦ ਸਨ।