ਅਸ਼ਵਿੰਦਰ ਸਿੰਘ, ਬਨੂੜ : ਬਨੂੜ ਪੁਲਿਸ ਨੇ ਇੰਜੀਨੀਅਰ ਵਿਕਰਮ ਦਲਾਲ ਦੀ ਸ਼ਿਕਾਇਤ 'ਤੇ ਅਗਵਾ ਕਰਨ, ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਲੁੱਟਣ ਦੀਆਂ ਧਾਰਾਵਾਂ ਤਹਿਤ ਪੰਜਾਬ ਪੁਲਿਸ ਦੇ ਥਾਣੇਦਾਰ ਸਮੇਤ 13 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਹ ਮੁਕੱਦਮਾ ਐੱਸਐੱਸਪੀ ਪਟਿਆਲਾ ਨੂੰ ਦਿੱਤੀ ਦਰਖ਼ਾਸਤ 'ਤੇ ਕੀਤੀ ਜਾਂਚ ਉਪਰੰਤ ਦਰਜ ਕੀਤਾ ਗਿਆ।

ਪੀੜਤ ਇੰਜੀਨੀਅਰ ਵਿਕਰਮ ਦਲਾਲ ਨੇ ਦੱਸਿਆ ਕਿ ਉਹ ਵੱਖ-ਵੱਖ ਫਰਮਾਂ ਲਈ ਨੈਸ਼ਨਲ ਹਾਈਵੇਅ 'ਤੇ ਉਸਾਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਵਿਨੈ ਰਾਣੀ ਨਾਂ ਦੀ ਔਰਤ ਦਾ ਭਤੀਜਾ ਸੌਰਵ ਬਦਵਾਰ ਵਾਸੀ ਦੇਵੀਗੜ੍ਹ (ਪਟਿਆਲਾ) ਉਸ ਨੂੰ ਨੌਕਰੀ ਲੱਗਣ ਲਈ ਫੋਨ ਕਰਦਾ ਸੀ।

20 ਜਨਵਰੀ 2019 ਨੂੰ ਉਨ੍ਹਾਂ ਨੇ ਕੁੰਡਲੀ ਬੈਰੀਅਰ (ਦਿੱਲੀ) ਵਿਖੇ ਉਸ ਨੂੰ ਸੱਦ ਲਿਆ ਪਰ ਉਹ ਖ਼ੁਦ ਪੰਜਾਬ ਆ ਰਹੇ ਸਨ ਤੇ ਸੌਰਵ ਨਾਲ ਉਨ੍ਹਾਂ ਦਾ ਟਾਕਰਾ ਸੋਨੀਪਤ ਨੇੜੇ ਇਕ ਢਾਬੇ 'ਤੇ ਹੋ ਗਿਆ ਜਿਥੇ ਸੌਰਵ ਨਾਲ ਤਿੰਨ ਹੋਰ ਵਿਆਕਤੀ ਮਿਲੇ ਤੇ ਉਹ ਉੱਥੋਂ ਪੰਜਾਬ ਲਈ ਚੱਲ ਪਏ। ਉਨਾਂ ਦੱਸਿਆ ਕਿ ਤਿੰਨਾਂ ਵਿਅਕਤੀਆਂ ਨੇ ਮੈਨੂੰ ਗੱਲਾਂ ਕਰਨ ਲਈ ਆਪਣੀ ਗੱਡੀ 'ਚ ਬਿਠਾ ਲਿਆ ਤੇ ਸੌਰਵ ਮੇਰੀ ਕਾਰ ਲੈ ਕੇ ਚਲ ਪਿਆ। ਪਾਨੀਪਤ ਟੋਲ ਪਲਾਜ਼ਾ 'ਤੇ ਵਿਨੈ ਰਾਣੀ ਉਨ੍ਹਾਂ ਨੂੰ ਮਿਲੀ ਤੇ ਕਾਰ 'ਚ ਹੀ ਉਨ੍ਹਾਂ ਨਾਲ ਹੀ ਆ ਗਈ।

ਉਹ ਉਸ ਨੂੰ ਸ੍ਰੀਗੰਗਾਨਗਰ ਢਾਬੇ 'ਤੇ ਲੈ ਆਏ ਜਿਥੇ ਉਨ੍ਹਾਂ ਆਪਣੇ ਆਪ ਨੂੰ ਪੁਲਿਸ ਅਫ਼ਸਰ ਦੱਸਿਆ ਤੇ ਉਨ੍ਹਾਂ ਦੀ ਕਾਰ 'ਚ ਡਰੱਗ ਰੱਖ ਦਿੱਤੀ ਤੇ ਕਿਹਾ ਕਿ ਉਨ੍ਹਾਂ 'ਤੇ ਮੁਕੱਦਮਾ ਦਰਜ ਹੋ ਚੁੱਕਾ ਹੈ ਅਤੇ ਉਹ ਪੁਲਿਸ ਦੀ ਗਿ੍ਫ਼ਤ 'ਚ ਹੈ।

ਇਥੇ ਪਿਸਤੌਲ ਦੀ ਨੋਕ 'ਤੇ ਜਾਨੋਂ ਮਾਰਨ ਦੀ ਧਮਕੀਆਂ ਦੇ ਕੇ ਉਨ੍ਹਾਂ ਤੋਂ ਜ਼ਬਰਦਸਤੀ ਤਿੰਨ ਖ਼ਾਲੀ ਅਸ਼ਟਾਮਾਂ ਅਤੇ ਐੱਚਡੀਐੱਫਸੀ ਬੈਂਕ ਦੇ ਤਿੰਨ ਖ਼ਾਲੀ ਚੈੱਕਾਂ 'ਤੇ ਦਸਤਖ਼ਤ ਕਰਵਾ ਲਏ। ਕਾਰ 'ਚ ਪਏ ਨਕਦ 7 ਲੱਖ 96 ਹਜ਼ਾਰ ਰੁਪਏ ਸਮੇਤ ਸੋਨੇ ਦੀ ਚੈਨ, ਅੰਗੂਠੀ ਤੇ ਕੜਾ ਵੀ ਖੋਹ ਲਏ। ਗੱਡੀ ਦੇ ਸੇਲ ਦੇ ਕਾਗਜ਼ਾਂ 'ਤੇ ਵੀ ਜ਼ਬਰਦਸਤੀ ਦਸਤਖ਼ਤ ਕਰਵਾ ਲਏ।

ਉਨ੍ਹਾਂ ਦੱਸਿਆ ਅਗਵਾਕਾਰਾਂ ਵੱਲੋਂ ਉਸ ਨੂੰ ਰਾਤ ਸਮੇਂ ਪਟਿਆਲਾ ਰੱਖਿਆ ਗਿਆ ਤੇ ਅਗਲੇ ਦਿਨ ਏਟੀਐੱਮ 'ਚੋਂ 73 ਹਜਾਰ ਕਢਵਾਏ, ਜਦਕਿ 1 ਲੱਖ 80 ਹਜ਼ਾਰ ਚੈੱਕ ਰਾਹੀਂ ਕਢਵਾਏ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਆਉਂਦੇ ਸਮੇਂ ਉਨ੍ਹਾਂ ਨੂੰ ਗੱਲਾਂ 'ਚ ਲਾ ਕੇ 18586 ਰੁਪਏ ਗੱਡੀਆਂ 'ਚ ਤੇਲ ਪਵਾਉਣ ਤੇ ਹੋਰ ਕੰਮਾਂ ਲਈ ਖ਼ਰਚ ਕੀਤੇ ਗਏ। 21 ਫਰਵਰੀ ਸ਼ਾਮ ਨੂੰ ਉਨ੍ਹਾਂ ਨੂੰ ਛੱਡਿਆ ਗਿਆ।

ਸ਼ਿਕਾਇਤਕਰਤਾ 'ਤੇ ਹੀ ਹੋ ਗਿਆ ਸੀ ਪਰਚਾ

ਪੀੜਤ ਵਿਕਰਮ ਦਲਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਘਟਨਾ ਦੀ ਸ਼ਿਕਾਇਤ ਡੀਜੀਪੀ ਪੰਜਾਬ ਨੂੰ ਕੀਤੀ ਗਈ ਜਿਨ੍ਹਾਂ ਮੋਹਾਲੀ ਪੁਲਿਸ ਨੂੰ ਇਸ ਦੀ ਜਾਂਚ ਸੌਂਪੀ। ਜਾਂਚ ਅਫ਼ਸਰ ਨੇ ਅਗਵਾਕਾਰਾਂ ਵੱਲੋਂ ਉਧਾਰ ਪੈਸੇ ਲੈਣ ਦੇ ਵਿਖਾਏ ਹਲਫੀਆ ਬਿਆਨਾਂ ਨੂੰ ਆਧਾਰ ਬਣਾ ਕੇ ਬਿਨਾਂ ਜਾਂਚ ਕੀਤਿਆਂ 13 ਫਰਵਰੀ ਨੂੰ ਵਿਕਰਮ 'ਤੇ ਹੀ ਪਰਚਾ ਦਰਜ ਕਰ ਦਿੱਤਾ।

ਉਹ ਫਿਰ ਡੀਜੀਪੀ ਪੰਜਾਬ ਨੂੰ ਮਿਲੇ ਜਿਨ੍ਹਾਂ ਦੁਬਾਰਾ ਜਾਂਚ ਸਮਾਣਾ ਪੁਲਿਸ ਨੂੰ ਸੌਂਪੀ ਤੇ ਵਿਨੈ ਰਾਣੀ ਨੂੰ ਗਿ੍ਫ਼ਤਾਰ ਕਰ ਲਿਆ। ਪੀੜਤ ਨੇ ਦੱਸਿਆ ਕਿ ਅਗਵਾਕਾਰ ਬਰਖ਼ਾਸਤ ਪੁਲਿਸ ਅਫ਼ਸਰਾਂ ਦਾ ਗੈਂਗ ਹੈ ਜਿਨ੍ਹਾਂ ਨੂੰ ਬਚਾਉਣ ਲਈ ਮੋਹਾਲੀ ਪੁਲਿਸ ਨੇ ਵੀ ਕੋਸ਼ਿਸ ਕੀਤੀ ਹੈ। ਉਨ੍ਹਾਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਕਿ ਅਗਵਾਕਾਰਾਂ ਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ।

ਇਨਸਾਫ਼ ਦੀ ਆਸ ਬੱਝੀ

ਪੀੜਤ ਨੇ ਦੱਸਿਆ ਕਿ ਇਸੇ ਦੌਰਾਨ 19 ਜੂਨ ਨੂੰ ਸ਼ਿਕਾਇਤ ਪਟਿਆਲਾ ਐੱਸਐੱਸਪੀ ਨੂੰ ਦਿੱਤੀ ਗਈ। ਜਿਨ੍ਹਾਂ ਵੱਲੋਂ ਕਰਵਾਈ ਜਾਂਚ ਕਾਰਨ ਉਨ੍ਹਾਂ ਨੂੰ ਇਨਸਾਫ਼ ਦੀ ਆਸ ਬੱਝੀ ਹੈ। ਜਿਸ ਕਾਰਨ ਇਕ ਔਰਤ ਸਮੇਤ 11 ਵਿਅਕਤੀਆਂ ਅਤੇ ਤਿੰਨ ਅਣਪਛਾਤਿਆਂ 'ਤੇ ਅਗਵਾ, ਜਾਨੋ ਮਾਰਨ ਦੀ ਧਮਕੀਆ ਦੇਣ, ਲੁੱਟ ਖੋਹ ਕਰਨ ਸਮੇਤ ਆਰਮਡ ਐਕਟ ਧਾਰਾਵਾਂ ਸਮੇਤ ਪਰਚਾ ਦਰਜ ਕੀਤਾ ਹੈ। ਪੁਲਿਸ ਇਸ ਮਾਮਲੇ 'ਚ ਅਜੇ ਕੋਈ ਗਿ੍ਫਤਾਰੀ ਨਹੀ ਕਰ ਸਕੀ।