ਨਵਦੀਪ ਢੀਂਗਰਾ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿੱਚ ਸਰਕਾਰੀ ਫੰਡਾਂ ਦੀ ਹੇਰ ਫੇਰ ਕਰਨ ਦੇ ਮਾਮਲੇ ਦੇ ਮੁੱਖ ਮੁਲਜ਼ਮ ਸਮੇਤ ਤਿੰਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਅਰਬਨ ਅਸਟੇਟ ਵਿਖੇ ਦਰਜ ਮਾਮਲੇ ਵਿਚ ਨਾਮਜ਼ਦ ਸੀਨੀਅਰ ਸਹਾਇਕ ਨਿਸ਼ੂ ਚੌਧਰੀ, ਜਤਿੰਦਰ ਸਿੰਘ, ਆਸ਼ੂ ਚੌਧਰੀ ਤੇ ਸੋਨੂੰ ਦੀ ਗ੍ਰਿਫ਼ਤਾਰੀ ਹੋਈ ਹੈ। ਐੱਸਐੱਸਪੀ ਡਾ.ਸੰਦੀਪ ਗਰਗ ਤੇ ਐੱਸਪੀ ਜਾਂਚ ਡਾ.ਮਹਿਤਾਬ ਸਿੰਘ ਨੇ ਮੁਲਜਮਾ ਦੀ ਗਿਰਫਤਾਰੀ ਦੀ ਪੁਸ਼ਟੀ ਕੀਤੀ ਹੈ।ਮੁਲਜਮਾਂ ਨੂੰ ਕਾਂਗੜਾ ਤੋਂ ਗਿਰਫਤਾਰ ਕੀਤਾ ਗਿਆ ਹੈ ਤੇ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਹਨ।

ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ ਸੱਤ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਜਿਨ੍ਹਾਂ ਵਿਚੋਂ ਹੁਣ ਤੱਕ ਚਾਰ ਦੀ ਗ੍ਰਿਫਤਾਰੀ ਹੋਈ ਹੈ ਜਦੋਂ ਕਿ ਬਾਕੀ ਫਰਾਰ ਦੱਸੇ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ ਇਸ ਘਪਲੇ ਸਬੰਧੀ ਪੰਜਾਬੀ ਜਾਗਰਣ ਵੱਲੋਂ ਖੁਲਾਸਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਪੁਲੀਸ ਵੱਲੋਂ ਵੀ ਕਾਰਵਾਈ ਆਰੰਭੀ ਗਈ।

ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਚ ਜਾਅਲੀ ਬਿਲਾਂ ਦੇ ਅਧਾਰ ’ਤੇ ਸਰਕਾਰੀ ਫੰਡਾਂ ਨੂੰ ਮੁਲਾਜਮਾਂ ਵਲੋਂ ਆਪਣੇ ਖਾਤਿਆਂ ਵਿਖ ਪਾਇਆ ਜਾ ਰਿਹਾ ਸੀ।

ਇਸਦਾ ਖੁਲਾਸਾ ਹੋਣ ਤੋਂ ਬਾਅਦ ਯੂਨੀਵਰਸਿਟੀ ਪ੍ਰਸਾਸ਼਼ਨ ਵਲੋਂ ਜਾਂਚ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਸੀਨੀਅਰ ਸਹਾਇਕ ਵਲੋਂ ਲੱਖਾਂ ਦੀ ਰਾਸ਼ੀ ਜਾਅਲੀ ਬਿੱਲ, ਮੋਹਰਾਂ ਤੇ ਦਸਤਖਤਾਂ ਨਾਲ ਆਪਣੇ ਤੇ ਹੋਰ ਸਾਥੀਆਂ ਦੇ ਖਾਤਿਆਂ ਵਿਚ ਜਮਾਂ ਕਰਵਾਈ ਗਈ। ਇਸ ਸਬੰਧੀ ਯੂਨੀਵਰਸਿਟੀ ਵਲੋਂ ਸੱਤ ਜਣਿਆਂ ਖਿਲਾਫ ਪੁਲਿਸ ਮਾਮਲਾ ਦਰਜ ਕਰਵਾਇਆ ਗਿਆ। ਦੂਸਰੇ ਪਾਸੇ ਯੂਨੀਵਰਸਿਟੀ ਵਲੋਂ ਆਪਣੇ ਪੱਧਰ ’ਤੇ ਜਾਂਚ ਵੀ ਜਾਰੀ ਰੱਖੀ ਜਿਸ ਵਿਚ ਯੂਨੀਵਰਸਿਟੀ ਦੇ ਹੀ ਹੋਰ ਮੁਲਾਜਮਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਜਾਂਚ ਵਿਚ ਪਤਾ ਲੱਗਿਆ ਹੈ ਕਿ ਸੀਨੀਅਰ ਸਹਾਇਕ ਨੇ ਹੋਰ ਮੁਲਾਜਮਾਂ ਦੇ ਖਾਤਿਆਂ ਵਿਚ ਵੀ 5 ਤੋਂ 12 ਲੱਖ ਰੁਪਏ ਦੀ ਰਾਸ਼ੀ ਜਮਾਂ ਕਰਵਾਈ ਸੀ।

ਯੂਨੀਵਰਸਿਟੀ ਅਜਿਹੇ 12 ਮੁਲਾਜਮਾਂ ਦੀ ਸੂਚੀ ਤਿਆਰ ਕੀਤੀ ਗਈ ਸੀ, ਜਿਨ੍ਹਾਂ ਦੇ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਪੜਤਾਲ ਤੋਂ ਬਾਅਦ ਘਪਲੇ ਵਿਚ ਹਿੱਸੇਦਾਰ ਮੰਨਿਆ ਗਿਆ। ਇਸੇ ਜਾਂਚ ਰਿਪੋਰਟ ਦੇ ਅਧਾਰ ’ਤੇ ਮੰਗਲਵਾਰ ਨੂੰ ਵਾਇਸ ਚਾਂਸਲਰ ਵਲੋਂ 09 ਮੁਲਾਜਮਾਂ ਖਿਲਾਫ ਵੱਡੀ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ।

ਪੰਜਾਬੀ ਯੂਨੀਵਰਸਿਟੀ ਵਲੋਂ ਘਪਲਾ ਕਰਨ ਵਾਲਿਆਂ ਖਿਲਾਫ ਦਰਜ ਕਰਵਾਏ ਪਰਚੇ ਵਿਚ ਨਾਮਜਦ ਸੀਨੀਅਰ ਸਹਾਇਕ ਦੇ ਸਾਥੀ ਵਿਨੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਪੁਲਿਸ ਨੇ ਸੀਨੀਅਰ ਸਹਾਇਕ ਨਿਸ਼ੂ ਚੌਧਰੀ ਦੇ ਜਿੰਮ ਟਰੇਨਰ ਵਿਨੇ ਕੁਮਾਰ ਨੂੰ ਬੀਤੇ ਹਫਤੇ ਕਾਬੂ ਕਰ ਲਿਆ ਸੀ।

ਵਿਨੇ ਕੁਮਾਰ ਨੇ ਹੀ ਪਰਚਾ ਦਰਜ ਹੋਣ ਤੋਂ ਪਹਿਲਾਂ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਕਿਹਾ ਸੀ ਕਿ ਨਿਸ਼ੂ ਚੌਧਰੀ ਨੇ ਸੇਬਾਂ ਦੇ ਬਾਗ ਹੋਣ ਦਾ ਕਹਿ ਕੇ ਉਸਦੇ ਬੈਂਕ ਖਾਤੇ ਵਿਚ 47 ਲੱਖ ਰੁਪਏ ਜਮਾਂ ਕਰਵਾਏ ਸਨ। ਇਸ ਵਿਚੋਂ ਕੁਝ ਰਾਸ਼ੀ ਨਿਸ਼ੂ ਚੌਧਰੀ ਨਿਸ਼ੂ ਚੌਧਰੀ ਨੇ ਵਾਪਸ ਲੈ ਲਈ ਸੀ। ਵਿਨੇ ਤੋਂ ਬਾਅਦ ਪੁਲਿਸ ਨੇ ਮੁੱਖ ਮੁਲਜਮ ਨਿਸ਼ੂ ਚੌਧਰੀ ਨੂੰ ਗਿਰਫਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਨਿਸ਼ੂ ਚੌਧਰੀ, ਵਿਨੇ , ਆਸ਼ੂ, ਜਤਿੰਦਰ ਸਿੰਘ, ਅਕਾਸ਼ਦੀਪ, ਸੋਨੂੰ ਤੇ ਨਿਸ਼ਾ ਸ਼ਰਮਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

Posted By: Jagjit Singh