ਰਾਕੇਸ਼ ਸ਼ਰਮਾ, ਭੁਨਰਹੇੜੀ : ਮੰਦਿਰ ਵਿਚ ਬੇਅਦਬੀ ਮਾਮਲੇ ਵਿਚ ਗ੍ਰਿਫਤਾਰ ਨੌਜਵਾਨ ਰਾਜਦੀਪ ਸਿੰਘ ਦੇ ਪਿੰਡ ਨੈਣ ਕਲਾਂ ਵਾਸੀਆਂ ਨੇ ਨਿਰੱਪਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਪਿੰਡ ਵਾਸੀ ਰਵਿੰਦਰ ਸਿੰਘ ਨੇ ਕਿਹਾ ਕਿ ਰਾਜਦੀਪ ਸਿੰਘ ਦਾ ਪਰਿਵਾਰ ਮਿਹਨਤੀ ਤੇ ਧਾਰਮਿਕ ਹੈ। ਇਸ ਦੇ ਘਰ ’ਚ ਕਾਲੀ ਮਾਤਾ ਦਾ ਮੰਦਿਰ ਬਣਾਇਆ ਹੋਇਆ ਹੈ, ਪੂਰਾ ਪਰਿਵਾਰ ਧਾਰਮਿਕ ਵਿਚਾਰਾਂ ਵਾਲਾ ਹੈ। ਉਨ੍ਹਾ ਕਿਹਾ ਕਿ ਨੈਣ ਕਲਾਂ ਪਿੰਡ ਹਿੰਦੂ-ਸਿੱਖ ਭਾਈ ਚਾਰੇ ਦੀ ਏਕਤਾ ਦਾ ਪ੍ਰਤੀਕ ਹੈ, ਜੋ ਘਟਨਾ ਹੋਈ ਉਹ ਨਿੰਦਣਯੋਗ ਹੈ ਪਰ ਨੌਜਵਾਨ ਦੀ ਭਾਵਨਾਵਾਂ ’ਤੇ ਪਰਿਵਾਰ ਦੀ ਹਾਲਤ ਨੂੰ ਧਿਆਨ ’ਚ ਰੱਖਦੇ ਹੋਏ ਨਿਰੱਪਖ ਜਾਂਚ ਹੋਣੀ ਚਾਹੀਦੀ ਹੈ। ਇਸ ਦੌਰਾਨ ਰਵੀ ਤੇ ਹੋਰਨਾਂ ਪਿੰਡ ਵਾਸੀਆਂ ਨੇ ਕਿਹਾ ਕਿ ਰਾਜਦੀਪ ਧਾਰਮਿਕ ਸੋਚ ਵਾਲਾ ਨੌਜਵਾਨ ਹੈ। ਗੁੱਗਾ ਮਾੜੀ ਮੰਦਿਰ ਨੇੜੇ ਉਸ ਦੀ ਵੈਲਡਿੰਗ ਦੀ ਦੁਕਾਨ ਹੈ ਅਤੇ ਲਗਭਗ ਰੋਜ਼ਾਨਾ ਹੀ ਉਹ ਗੁੱਗਾ ਮਾੜੀ ਮੰਦਿਰ ‘ਚ ਸੇਵਾ ਕਰਦਾ ਹੈ। ਇਸ ਮਾਮਲੇ ਸਬੰਧੀ ਨੈਣ ਕਲਾਂ ਗੁੱਗਾ ਮਾੜੀ ਦੇ ਮੁੱਖ ਸੇਵਾਦਾਰ ਭਗਤ ਕਰਨੈਲ ਸਿੰਘ ਰਾਣਾ ਨੇ ਕਿਹਾ ਕਿ ਘਟਨਾ ਨਿੰਦਣਯੋਗ ਹੈ ਪਰ ਰਾਜਦੀਪ ਸਭ ਦਾ ਧਾਰਮਿਕ ਸਤਿਕਾਰ ਕਰਨ ਵਾਲਾ ਨੌਜਵਾਨ ਹੈ ਤੇ ਹਮੇਸ਼ਾ ਹੀ ਗੁੱਗਾ ਮਾੜੀ ਮੰਦਿਰ ’ਚ ਸੇਵਾ ਕਰਦਾ ਰਹਿੰਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਇਸ ਘਟਨਾ ਦੀ ਗੰਭੀਰਤਾ ਨਾਲ ਨਿਰਪੱਖ ਜਾਂਚ ਕੀਤੀ ਜਾਵੇ ਤੇ ਨੌਜਵਾਨ ਦੇ ਭੱਵਿਖ ਬਾਰੇ ਵੀ ਸੋਚਿਆ ਜਾਵੇ।

Posted By: Jagjit Singh