ਸਟਾਫ ਰਿਪੋਰਟਰ, ਪਟਿਆਲਾ : ਸ਼ਹਿਰ ਵਿਚਲੀਆਂ ਡੇਅਰੀਆਂ ਨੂੰ ਬਾਹਰ ਸ਼ਿਫਟ ਕੀਤੇ ਜਾਣ ਦਾ ਪ੍ਰਾਜੈਕਟ ਪੂਰਾ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ਇਕ ਪਾਸੇ ਜਿੱਥੇ ਨਿਗਮ ਵੱਲੋਂ ਅਬਲੋਵਾਲ ਵਿਖੇ ਡੇਅਰੀ ਮਾਲਕਾਂ ਨੂੰ ਪਲਾਟ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਉੱਥੇ ਹੀ ਡੇਅਰੀ ਮਾਲਕਾਂ ਨੇ ਅਲਾਟਮੈਂਟ ਦਾ ਬਾਈਕਾਟ ਕਰਦਿਆਂ ਇਥੇ ਜਗ੍ਹਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਬੁੱਧਵਾਰ ਨੂੰ ਨਗਰ ਨਿਗਮ ਵੱਲੋਂ ਅਬਲੋਵਾਲ ਵਿਖੇ ਡੇਅਰੀਆਂ ਲਈ ਪਲਾਟ ਅਲਾਟਮੈਂਟ ਦਾ ਸਮਾਂ ਰੱਖਿਆ ਗਿਆ ਸੀ ਪਰ ਨਿਗਮ ਦਫਤਰ ਵਿਚ ਪੁੱਜਣ ਦੀ ਜਗ੍ਹਾ ਵੱਡੀ ਗਿਣਤੀ ਡੇਅਰੀ ਮਾਲਕ ਅਬਲੋਵਾਲ ਵਿਖੇ ਸਥਾਪਤ ਕੀਤੇ ਜਾ ਰਹੇ ਪ੍ਰਾਜੈਕਟ ਵਾਲੀ ਜਗ੍ਹਾ ਤੇ ਪੁੱਜ ਗਏ। ਜਿੱਥੇ ਕਿ ਡੇਅਰੀ ਮਾਲਕਾਂ ਵੱਲੋਂ ਅਲਾਟਮੈਂਟ ਦਾ ਬਾਈਕਾਟ ਕਰਨ ਦਾ ਐਲਾਨ ਕਰਨ ਦੇ ਨਾਲ ਮੁੱਖ ਮੰਤਰੀ ਅਤੇ ਮੇਅਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਡੇਅਰੀ ਮਾਲਕ ਸ਼ਮੀ ਢਿੱਲੋਂ ਨੇ ਦੱਸਿਆ ਕਿ ਉਹ ਕਈ ਪੀੜ੍ਹੀਆਂ ਤੋਂ ਡੇਅਰੀ ਦਾ ਕੰਮ ਕਰਦੇ ਆ ਰਹੇ ਹਨ । ਨਗਰ ਨਿਗਮ ਵੱਲੋਂ ਸ਼ਹਿਰ ਵਿਚਲੀਆਂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰਲੇ ਪਾਸੇ ਅਬਲੋਵਾਲ ਵਿਖੇ ਸਥਾਪਤ ਕੀਤੇ ਜਾਣ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ ਇਸ ਸੰਬੰਧੀ ਡੇਅਰੀ ਮਾਲਕਾਂ ਵੱਲੋਂ ਕਈ ਵਾਰ ਇਤਰਾਜ਼ ਦਰਜ ਕਰਵਾਏ ਗਏ ਹਨ ਜਿਨ੍ਹਾਂ ਨੂੰ ਅਣਦੇਖਾ ਕਰਦੇ ਹਨ ਨਗਰ ਨਿਗਮ ਆਪਣੀ ਮਨਮਰਜ਼ੀ ਕਰ ਰਿਹਾ ਹੈ। ਡੇਅਰੀ ਮਾਲਕਾਂ ਦਾ ਕਹਿਣਾ ਹੈ ਕਿ ਅਬਲੋਵਾਲ ਉਨ੍ਹਾਂ ਦੀ ਰਿਹਾਇਸ਼ ਤੋਂ ਕਰੀਬ ਪੰਦਰਾਂ ਕਿਲੋਮੀਟਰ ਦੂਰ ਪੈਂਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਰੋਜ਼ਾਨਾ ਇਸ ਜਗ੍ਹਾ ਤੇ ਉਨ੍ਹਾਂ ਤੇ ਤੇ ਜਾਣਾ ਮੁਸ਼ਕਿਲ ਹੋਣ ਦੇ ਨਾਲ ਡੰਗਰਾਂ ਦਾ ਰੱਖ ਰਖਾਅ ਰੱਖਣ ਵਿੱਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਡੇਅਰੀ ਮਾਲਕਾਂ ਨੇ ਨਗਰ ਨਿਗਮ ਵੱਲੋਂ ਪਲਾਂਟ ਦੇ ਪ੍ਰਤੀ ਗਜ਼ ਦੀ ਰਕਮ ਦਾ ਵੀ ਵਿਰੋਧ ਜਤਾਇਆ ਹੈ। ਡੇਅਰੀ ਮਾਲਕਾਂ ਨੇ ਕਿਹਾ ਕਿ ਜੇਕਰ ਨਗਰ ਨਿਗਮ ਉਨ੍ਹਾਂ ਦੀਆਂ ਜਾਇਜ਼ ਮੰਗਾਂ ਹੀ ਨਹੀਂ ਸੁਣ ਰਿਹਾ ਤਾਂ ਉਹ ਨਿਗਮ ਦੀ ਧੱਕੇਸ਼ਾਹੀ ਵੀ ਨਹੀਂ ਸਹਿਣ ਕਰਨਗੇ।

Posted By: Tejinder Thind